IPL ਦੇ 16ਵੇਂ ਸੀਜ਼ਨ ਦਾ 66ਵਾਂ ਲੀਗ ਮੈਚ ਪੰਜਾਬ ਕਿੰਗਜ਼ (PBKS) ਅਤੇ ਰਾਜਸਥਾਨ ਰਾਇਲਜ਼ (RR) ਵਿਚਾਲੇ ਧਰਮਸ਼ਾਲਾ ਦੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਦਾ ਇਸ ਸੀਜ਼ਨ ਦਾ ਇਹ ਆਖਰੀ ਲੀਗ ਮੈਚ ਹੈ। ਹੁਣ ਤੱਕ 13-13 ਮੈਚਾਂ ਵਿੱਚ ਪੰਜਾਬ ਅਤੇ ਰਾਜਸਥਾਨ ਨੇ 6-6 ਮੈਚ ਜਿੱਤੇ ਹਨ। ਇਸ ਮੈਚ ਨੂੰ ਵਰਚੁਅਲ ਕੁਆਰਟਰ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਦੋਵਾਂ ਵਿੱਚ ਜੋ ਵੀ ਟੀਮ ਜਿੱਤੇਗੀ, ਉਹ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖੇਗੀ। ਆਓ ਜਾਣਦੇ ਹਾਂ IPL ਦੇ ਇਤਿਹਾਸ ‘ਚ ਹੁਣ ਤੱਕ ਪੰਜਾਬ ਅਤੇ ਰਾਜਸਥਾਨ ਵਿਚਾਲੇ ਕਿੰਨੇ ਮੈਚ ਖੇਡੇ ਗਏ ਹਨ ਅਤੇ ਕਿਸ ਦਾ ਪੱਲੜਾ ਭਾਰੀ ਰਿਹਾ ਹੈ।
ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਦੀ ਟੀਮ ਆਈਪੀਐਲ ਵਿੱਚ 25 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀ ਹੈ। ਇਸ ਵਿੱਚ ਰਾਜਸਥਾਨ ਦੀ ਟੀਮ 14 ਵਾਰ ਜੇਤੂ ਰਹੀ ਹੈ ਜਦਕਿ ਪੰਜਾਬ ਦੀ ਟੀਮ 11 ਵਾਰ ਜੇਤੂ ਰਹੀ ਹੈ। ਆਈਪੀਐੱਲ ਦੇ ਇਸ ਸੀਜ਼ਨ ‘ਚ ਦੂਜੀ ਵਾਰ ਦੋਵੇਂ ਟੀਮਾਂ ਵਿਚਾਲੇ ਟੱਕਰ ਹੋਵੇਗੀ। ਪਿਛਲੇ ਮੈਚ ਵਿੱਚ ਪੰਜਾਬ ਦੀ ਟੀਮ ਨੇ 5 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਦੋਵਾਂ ਟੀਮਾਂ ਵਿਚਾਲੇ ਇਹ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਪਹਿਲੀ ਵਾਰ ਰਾਜਸਥਾਨ ਦੀ ਟੀਮ ਇਸ ਮੈਦਾਨ ‘ਤੇ ਮੈਚ ਖੇਡਣ ਲਈ ਮੈਦਾਨ ‘ਚ ਉਤਰੇਗੀ। ਦੂਜੇ ਪਾਸੇ ਪੰਜਾਬ ਦੀ ਟੀਮ ਇਸ ਮੈਦਾਨ ‘ਤੇ ਹੁਣ ਤੱਕ 10 ਮੈਚ ਖੇਡ ਚੁੱਕੀ ਹੈ ਅਤੇ ਇਨ੍ਹਾਂ ‘ਚੋਂ ਉਸ ਨੇ 5 ਜਿੱਤੇ ਹਨ ਅਤੇ 5 ਹਾਰੇ ਹਨ।