ਆਈਪੀਐਲ 2023 ਦਾ ਸੀਜ਼ਨ ਹੁਣ ਬਹੁਤ ਹੀ ਰੋਮਾਂਚਕ ਦੌਰ ਵਿੱਚ ਪਹੁੰਚ ਗਿਆ ਹੈ। ਅਜਿਹੇ ‘ਚ ਟਾਪ 4 ‘ਚ ਜਗ੍ਹਾ ਬਣਾਉਣ ਦੇ ਲਿਹਾਜ਼ ਨਾਲ ਸਾਰੀਆਂ ਟੀਮਾਂ ਲਈ ਹਰ ਮੈਚ ਬਹੁਤ ਮਹੱਤਵਪੂਰਨ ਹੈ। ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਜਸਥਾਨ ਰਾਇਲਜ਼ (ਆਰਆਰ) ਇਸ ਸੀਜ਼ਨ ਦੇ 56ਵੇਂ ਲੀਗ ਮੈਚ ਵਿੱਚ ਭਿੜਨਗੇ। ਦੋਵੇਂ ਟੀਮਾਂ ਦੇ ਅੰਕ ਸੂਚੀ ਵਿੱਚ ਇਸ ਸਮੇਂ 10-10 ਅੰਕ ਹਨ ਅਤੇ ਜੋ ਵੀ ਟੀਮ ਇਹ ਮੈਚ ਜਿੱਤੇਗੀ ਉਹ ਸਿੱਧੀ ਟਾਪ 4 ਵਿੱਚ ਪਹੁੰਚ ਜਾਵੇਗੀ।
ਕੋਲਕਾਤਾ ਨਾਈਟ ਰਾਈਡਰਜ਼ ਲਈ ਇਹ ਸੀਜ਼ਨ ਹੁਣ ਤੱਕ ਬਹੁਤ ਅਸਥਿਰ ਸਾਬਿਤ ਹੋਇਆ ਹੈ। 11 ਮੈਚ ਖੇਡਣ ਤੋਂ ਬਾਅਦ, ਕੇਕੇਆਰ ਨੇ 5 ਵਿੱਚ ਜਿੱਤ ਦਰਜ ਕੀਤੀ ਜਦੋਂ ਕਿ 6 ਵਿੱਚ ਉਸਦੀ ਹਾਰ ਹੋਈ ਹੈ। ਕੇਕੇਆਰ ਨੇ ਆਪਣੇ ਪਿਛਲੇ ਦੋਵੇਂ ਮੈਚਾਂ ਵਿੱਚ ਕਰੀਬੀ ਜਿੱਤਾਂ ਨਾਲ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ। ਰਾਜਸਥਾਨ ਰਾਇਲਜ਼ ਨੇ ਪਹਿਲੇ 5 ਮੈਚਾਂ ‘ਚੋਂ 4 ਜਿੱਤ ਕੇ ਇਸ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ‘ਚ ਗਿਰਾਵਟ ਆਈ ਅਤੇ ਉਸ ਨੂੰ ਪਿਛਲੇ 6 ‘ਚੋਂ 5 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕੋਲਕਾਤਾ ਅਤੇ ਰਾਜਸਥਾਨ ਵਿਚਾਲੇ ਆਈ.ਪੀ.ਐੱਲ. ‘ਚ ਇੱਕ-ਦੂਜੇ ਖਿਲਾਫ ਰਿਕਾਰਡ ਦੀ ਗੱਲ ਕਰੀਏ ਤਾਂ ਲਗਭਗ ਬਰਾਬਰ ਦੀ ਲੜਾਈ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 26 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਕੋਲਕਾਤਾ ਨੇ 14 ਜਦਕਿ ਰਾਜਸਥਾਨ ਨੇ 12 ਮੈਚ ਜਿੱਤੇ ਹਨ।