ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਸੀਜ਼ਨ ਸ਼ੁਰੂ ਹੋਣ ‘ਚ ਹੁਣ ਜ਼ਿਆਦਾ ਸਮਾਂ ਬਾਕੀ ਨਹੀਂ ਹੈ। ਇਸ ਦੌਰਾਨ ਪੰਜਾਬ ਕਿੰਗਜ਼ ਦੀ ਟੀਮ ਨੂੰ ਜੌਨੀ ਬੇਅਰਸਟੋ ਦੇ ਰੂਪ ‘ਚ ਵੱਡਾ ਝਟਕਾ ਲੱਗਾ ਹੈ, ਜੋ ਅਜੇ ਆਪਣੀ ਲੱਤ ਦੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ। ਸੱਟ ਤੋਂ ਉਭਰਨ ‘ਤੇ ਧਿਆਨ ਦੇਣ ਕਾਰਨ ਬੇਅਰਸਟੋ ਆਉਣ ਵਾਲੇ ਆਈ.ਪੀ.ਐੱਲ ਸੀਜ਼ਨ ‘ਚ ਖੇਡਦੇ ਨਜ਼ਰ ਨਹੀਂ ਆ ਰਹੇ ਹਨ। ਜੌਨੀ ਬੇਅਰਸਟੋ (33) ਨੂੰ ਪਿਛਲੇ ਸਾਲ ਸਤੰਬਰ ਵਿੱਚ ਦੋਸਤਾਂ ਨਾਲ ਗੋਲਫ ਖੇਡਦੇ ਸਮੇਂ ਸੱਟ ਲੱਗ ਗਈ ਸੀ, ਜਿਸ ਵਿੱਚ ਉਸ ਦੀ ਖੱਬੀ ਲੱਤ ਫਰੈਕਚਰ ਹੋ ਗਈ ਸੀ ਅਤੇ ਉਸ ਦਾ ਗਿੱਟਾ ਵੀ ਮਰੋੜਿਆ ਗਿਆ ਸੀ। ਇਸ ਸੱਟ ਤੋਂ ਬਾਅਦ ਉਨ੍ਹਾਂ ਨੂੰ ਲੰਡਨ ‘ਚ ਸਰਜਰੀ ਕਰਵਾਉਣੀ ਪਈ ਸੀ।
ਹੁਣ ਗਾਰਡੀਅਨ ਦੀ ਇੱਕ ਰਿਪੋਰਟ ਦੇ ਮੁਤਾਬਿਕ, ਸਰਜਰੀ ਤੋਂ ਬਾਅਦ ਆਪਣੀ ਲੱਤ ‘ਚ ਧਾਤ ਦੀ ਪਲੇਟ ਪਵਾਉਣ ਵਾਲੇ ਜੌਨੀ ਬੇਅਰਸਟੋ ਕੁਝ ਹੋਰ ਸਮੇਂ ਲਈ ਮੈਦਾਨ ਤੋਂ ਦੂਰ ਰਹਿਣ ਵਾਲੇ ਹਨ, ਤਾਂ ਜੋ ਉਹ ਆਪਣੀ ਰਿਕਵਰੀ ‘ਤੇ ਪੂਰਾ ਧਿਆਨ ਦੇ ਸਕਣ। ਹਾਲਾਂਕਿ ਅਜੇ ਤੱਕ ਬੇਅਰਸਟੋ ਨੂੰ ਲੈ ਕੇ ਇੰਗਲੈਂਡ ਕ੍ਰਿਕਟ ਬੋਰਡ ਅਤੇ ਪੰਜਾਬ ਕਿੰਗਜ਼ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਆਈਪੀਐਲ ਦੇ ਆਗਾਮੀ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਟੀਮ ਸ਼ਿਖਰ ਧਵਨ ਦੀ ਕਪਤਾਨੀ ਵਿੱਚ ਖੇਡੇਗੀ। ਇਸ ਸੀਜ਼ਨ ‘ਚ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 1 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮੈਚ ਨਾਲ ਕਰੇਗੀ। ਜੇਕਰ ਪੰਜਾਬ ਦੀ ਟੀਮ ਨੂੰ ਵਿਸਫੋਟਕ ਖਿਡਾਰੀਆਂ ਦੇ ਤੌਰ ‘ਤੇ ਦੇਖਿਆ ਜਾਵੇ ਤਾਂ ਇਸ ਵਿਚ ਲਿਆਮ ਲਿਵਿੰਗਸਟਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਤੋਂ ਇਲਾਵਾ ਟੀਮ ‘ਚ ਸੈਮ ਕਰਨ ਵੀ ਹੋਣਗੇ, ਜਿਨ੍ਹਾਂ ਨੂੰ ਇਸ ਸੀਜ਼ਨ ਦੀ ਨਿਲਾਮੀ ਦੌਰਾਨ 18.50 ਕਰੋੜ ਰੁਪਏ ‘ਚ ਟੀਮ ‘ਚ ਸ਼ਾਮਿਲ ਕੀਤਾ ਗਿਆ ਸੀ। ਇਨ੍ਹਾਂ 2 ਮੈਚ ਜੇਤੂ ਖਿਡਾਰੀਆਂ ਤੋਂ ਇਲਾਵਾ ਪੰਜਾਬ ਕਿੰਗਜ਼ ਕੋਲ ਕਾਗਿਸੋ ਰਬਾਡਾ ਅਤੇ ਨਾਥਨ ਐਲਿਸ ਦੇ ਰੂਪ ‘ਚ 2 ਸ਼ਾਨਦਾਰ ਤੇਜ਼ ਗੇਂਦਬਾਜ਼ ਵੀ ਹਨ।