ਆਈਪੀਐਲ ਵਿੱਚ ਅੱਜ ਸ਼ਾਮ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਇਸ ਸੀਜ਼ਨ ਦਾ 25ਵਾਂ ਮੈਚ ਹੈ ਅਤੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਸੀਜ਼ਨ ‘ਚ ਕੋਲਕਾਤਾ ਦੀ ਟੀਮ ਚੰਗੀ ਲਾਈਨ ‘ਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਹੁਣ ਤੱਕ ਪੰਜ ਮੈਚਾਂ ‘ਚੋਂ ਤਿੰਨ ਮੈਚ ਜਿੱਤੇ ਹਨ। ਕੇਕੇਆਰ ਅੰਕ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ। ਉਥੇ ਹੀ ਹੈਦਰਾਬਾਦ ਦੀ ਟੀਮ ਹੁਣ ਖਰਾਬ ਸ਼ੁਰੂਆਤ ਤੋਂ ਬਾਅਦ ਜਿੱਤ ਦੀ ਲੀਹ ‘ਤੇ ਆ ਗਈ ਹੈ ਅਤੇ ਪਿਛਲੇ ਦੋਵੇਂ ਮੈਚ ਜਿੱਤ ਚੁੱਕੀ ਹੈ। ਫਿਲਹਾਲ ਹੈਦਰਾਬਾਦ ਚਾਰ ‘ਚੋਂ ਦੋ ਮੈਚ ਜਿੱਤ ਕੇ ਅੰਕ ਸੂਚੀ ‘ਚ ਅੱਠਵੇਂ ਨੰਬਰ ‘ਤੇ ਹੈ।
ਹੈਦਰਾਬਾਦ ਅਤੇ ਕੋਲਕਾਤਾ ਦੀਆਂ ਟੀਮਾਂ ਆਈਪੀਐਲ ਵਿੱਚ ਹੁਣ ਤੱਕ 21 ਮੈਚਾਂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ 21 ਮੈਚਾਂ ‘ਚੋਂ ਹੈਦਰਾਬਾਦ ਨੇ 7 ਮੈਚ ਜਿੱਤੇ ਹਨ ਜਦਕਿ ਕੋਲਕਾਤਾ ਨੇ 14 ਮੈਚ ਜਿੱਤੇ ਹਨ। ਪਿਛਲੇ ਅੰਕੜਿਆਂ ਦੇ ਆਧਾਰ ‘ਤੇ ਕੇਕੇਆਰ ਦਾ ਪੱਲੜਾ ਭਾਰੀ ਜਾਪਦਾ ਹੈ। ਪਰ ਇਸ ਵਾਰ ਦੋਵਾਂ ਟੀਮਾਂ ਵਿੱਚ ਵੱਡੇ ਬਦਲਾਅ ਹੋਏ ਹਨ, ਜਿਸ ਕਾਰਨ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਹੜੀ ਟੀਮ ਇਹ ਮੈਚ ਜਿੱਤੇਗੀ।