ਅੱਜ IPL 2022 ਦਾ 39ਵਾਂ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਪੁਣੇ ਦੇ ਐਮਸੀਏ ਸਟੇਡੀਅਮ ‘ਚ ਹੋਵੇਗਾ। ਇਸ ਮੈਚ ‘ਚ RCB ਦਾ ਇਰਾਦਾ ਜਿੱਤ ਦਰਜ ਕਰ ਟਾਪ 4 ‘ਚ ਪਹੁੰਚਣ ਦਾ ਹੋਵੇਗਾ। ਦੂਜੇ ਪਾਸੇ ਰਾਜਸਥਾਨ ਰਾਇਲਜ਼ ਦੀ ਟੀਮ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਚਾਹੇਗੀ। ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ। ਜਦੋਂ ਕਿ ਆਰਸੀਬੀ ਨੂੰ ਆਪਣੇ ਆਖਰੀ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਈਪੀਐਲ 2022 ਵਿੱਚ ਦੋਵੇਂ ਟੀਮਾਂ ਦੂਜੀ ਵਾਰ ਇੱਕ ਦੂਜੇ ਨਾਲ ਭਿੜਨਗੀਆਂ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਖੇਡੇ ਗਏ ਮੈਚ ‘ਚ ਰਾਇਲ ਚੈਲੰਜਰਜ਼ ਬੰਗਲੌਰ ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ ਤਿੰਨ ਵਿਕਟਾਂ ‘ਤੇ 169 ਦੌੜਾਂ ਬਣਾਈਆਂ ਸੀ। ਆਰਸੀਬੀ ਨੇ ਜਿੱਤ ਲਈ 170 ਦੌੜਾਂ ਦਾ ਟੀਚਾ 5 ਗੇਂਦਾਂ ਬਾਕੀ ਰਹਿੰਦਿਆਂ ਪੂਰਾ ਕਰ ਲਿਆ ਸੀ।