ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਗੁਜਰਾਤ ਟਾਈਟਨਸ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਮੈਦਾਨ ‘ਚ ਉੱਤਰੇਗੀ ‘ਤੇ ਆਪਣੇ ਸ਼ੁਰੂਆਤੀ ਸੈਸ਼ਨ ਵਿੱਚ ਸੀਜ਼ਨ ਦੀ ਆਪਣੀ ਇੱਕੋ-ਇੱਕ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ। ਹਾਰਦਿਕ ਪਾਂਡਿਆ ਦੀ ਕਪਤਾਨੀ ਵਿੱਚ ਗੁਜਰਾਤ ਦੀ ਟੀਮ ਸੱਤ ਮੈਚਾਂ ਵਿੱਚੋਂ ਛੇ ਜਿੱਤਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਇਸ ਦੇ ਨਾਲ ਹੀ ਪਹਿਲੇ ਦੋ ਮੈਚਾਂ ‘ਚ ਹਾਰ ਦਾ ਸਵਾਦ ਚੱਖਣ ਤੋਂ ਬਾਅਦ ਲਗਾਤਾਰ ਪੰਜ ਮੈਚ ਜਿੱਤਣ ਵਾਲੀ ਹੈਦਰਾਬਾਦ ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਦੂਜੇ ਸਥਾਨ ਤੋਂ ਚੋਟੀ ‘ਤੇ ਆਉਣਾ ਚਾਹੇਗੀ।
ਮੈਚ ‘ਚ ਦੋਵਾਂ ਟੀਮਾਂ ਦੇ ਤੇਜ਼ ਗੇਂਦਬਾਜ਼ਾਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਹੈਦਰਾਬਾਦ ਦੇ ਨੌਜਵਾਨ ਭਾਰਤੀ ਗੇਂਦਬਾਜ਼ ਉਮਰਾਨ ਮਲਿਕ ਗੁਜਰਾਤ ਦੇ ਲਾਕੀ ਫਰਗੂਸਨ ਦੀ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨੂੰ ਲਗਭਗ ਉਸੇ ਰਫਤਾਰ ਨਾਲ ਜਵਾਬ ਦੇਣਗੇ। ਇਸ ਮਾਮਲੇ ‘ਚ ਹਾਲਾਂਕਿ ਹੈਦਰਾਬਾਦ ਦਾ ਪਲੜਾ ਕੁਝ ਭਾਰੀ ਨਜ਼ਰ ਆ ਰਿਹਾ ਹੈ, ਜਿਸ ਨੇ ਆਪਣੇ ਆਖਰੀ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੂੰ ਸਿਰਫ 68 ਦੌੜਾਂ ‘ਤੇ ਆਲ ਆਊਟ ਕਰ ਦਿੱਤਾ ਸੀ। ਟੀਮ ਦੇ ਚਾਰੇ ਤੇਜ਼ ਗੇਂਦਬਾਜ਼ ਸ਼ਾਨਦਾਰ ਲੈਅ ਵਿੱਚ ਹਨ ਅਤੇ ਸਾਰੇ ਇੱਕ ਦੂਜੇ ਤੋਂ ਵੱਖਰੀ ਗੇਂਦਬਾਜ਼ੀ ਕਰਨ ਲਈ ਜਾਣੇ ਜਾਂਦੇ ਹਨ।