ਤੇਜ਼ ਗੇਂਦਬਾਜ਼ਾਂ ਦੀ ਕਮੀ ਨਾਲ ਜੂਝ ਰਹੀ ਮੁੰਬਈ ਇੰਡੀਅਨਜ਼ (MI) ਲਈ ਖੁਸ਼ਖਬਰੀ ਹੈ। ਜਲਦ ਹੀ ਤਜਰਬੇਕਾਰ ਗੇਂਦਬਾਜ਼ ਧਵਲ ਕੁਲਕਰਨੀ ਮੁੰਬਈ ‘ਚ ਕੈਂਪ ‘ਚ ਸ਼ਾਮਿਲ ਹੋਣਗੇ। ਇਸ ਵਾਰ ਆਈਪੀਐੱਲ ਦੀ ਮੇਗਾ ਨਿਲਾਮੀ ਵਿੱਚ ਧਵਲ ਕੁਲਕਰਨੀ ਅਨਸੋਲਡ ਰਿਹਾ ਸੀ, ਉਸ ਨੂੰ ਕਿਸੇ ਟੀਮ ਨੇ ਨਹੀਂ ਖਰੀਦਿਆ ਸੀ। ਫਿਲਹਾਲ ਉਹ IPL ‘ਚ ਕੁਮੈਂਟਰੀ ਕਰ ਰਿਹਾ ਹੈ। ਪਰ ਹੁਣ ਆਪਣੇ ਮੈਦਾਨ ‘ਤੇ ਆਪਣਾ ਕੰਮ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਖਬਰਾਂ ਮੁਤਾਬਿਕ ਧਵਲ ਕੁਲਕਰਨੀ ਅਪ੍ਰੈਲ ਦੇ ਅੰਤ ਤੱਕ ਯਾਨੀ ਅਗਲੇ 1 ਹਫਤੇ ‘ਚ ਮੁੰਬਈ ‘ਚ ਕੈਂਪ ‘ਚ ਸ਼ਾਮਿਲ ਹੋਣਗੇ ਅਤੇ ਇਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਕੁਲਕਰਨੀ ਨੂੰ ਮੁੰਬਈ ਦੀ ਟੀਮ ਨੇ 2020 ਦੀ ਨਿਲਾਮੀ ਵਿੱਚ 75 ਲੱਖ ਰੁਪਏ ਵਿੱਚ ਖਰੀਦਿਆ ਸੀ। ਪਿਛਲੇ ਸੀਜ਼ਨ ‘ਚ ਵੀ ਉਹ ਮੁੰਬਈ ਲਈ ਖੇਡਿਆ ਸੀ ਪਰ ਉਸ ਨੂੰ ਕੁੱਝ ਹੀ ਮੈਚਾਂ ‘ਚ ਮੌਕਾ ਮਿਲਿਆ ਸੀ।
ਰਿਪੋਰਟਾਂ ਮੁਤਾਬਕ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਆਪਣੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤ ਕਰਨ ਲਈ ਕੁਲਕਰਨੀ ਨੂੰ ਸ਼ਾਮਿਲ ਕਰਨ ਦੇ ਚਾਹਵਾਨ ਹਨ। ਮੁੰਬਈ ਤੋਂ ਹੋਣ ਕਾਰਨ ਕੁਲਕਰਨੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੰਬਈ ਅਤੇ ਪੁਣੇ ਦੀਆਂ ਪਿੱਚਾਂ ‘ਤੇ ਗੇਂਦਬਾਜ਼ੀ ਕਿਵੇਂ ਕਰਨੀ ਹੈ। ਇਸ ਸੀਜ਼ਨ ‘ਚ ਹੁਣ ਤੱਕ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਬਾਕੀ ਸਾਰੇ ਗੇਂਦਬਾਜ਼ਾਂ ਨੇ ਮੁੰਬਈ ਲਈ ਬੁਰੀ ਤਰ੍ਹਾਂ ਸੰਘਰਸ਼ ਕੀਤਾ ਹੈ। ਇਹ ਇੱਕ ਵੱਡਾ ਕਾਰਨ ਰਿਹਾ ਹੈ, ਜਿਸ ਕਾਰਨ ਟੀਮ ਨੂੰ ਆਪਣੇ ਪਹਿਲੇ ਛੇ ਮੈਚ ਗੁਆਉਣੇ ਪਏ।
ਆਈਪੀਐਲ ਵਿੱਚ ਹੁਣ ਤੱਕ ਧਵਲ ਕੁਲਕਰਨੀ ਨੇ 92 ਮੈਚ ਖੇਡੇ ਹਨ ਜਿਸ ਵਿੱਚ 82 ਬੱਲੇਬਾਜ਼ ਆਊਟ ਕੀਤੇ ਹਨ। ਉਹ ਆਈਪੀਐਲ ਦੇ ਸੀਨੀਅਰ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ਲੰਬੇ ਸਮੇਂ ਤੋਂ ਇਸ ਟੂਰਨਾਮੈਂਟ ਵਿੱਚ ਹਿੱਸਾ ਰਿਹਾ ਹੈ। ਮੁੰਬਈ ਤੋਂ ਇਲਾਵਾ ਉਹ ਹੋਰ ਟੀਮਾਂ ਵੱਲੋਂ ਵੀ ਇਸ ਟੂਰਨਾਮੈਂਟ ਵਿੱਚ ਖੇਡ ਚੁੱਕਾ ਹੈ। ਆਈ.ਪੀ.ਐੱਲ. ਦੇ ਇਸ ਸੀਜ਼ਨ ‘ਚ ਮੁੰਬਈ ਇੰਡੀਅਨਜ਼ ਦਾ ਖਾਤਾ ਅਜੇ ਖੁੱਲ੍ਹਣਾ ਬਾਕੀ ਹੈ ਅਤੇ ਟੀਮ ਸਾਰੇ ਛੇ ਮੈਚ ਹਾਰ ਚੁੱਕੀ ਹੈ। ਜਸਪ੍ਰੀਤ ਬੁਮਰਾਹ ਤੋਂ ਇਲਾਵਾ ਕੋਈ ਹੋਰ ਤੇਜ਼ ਗੇਂਦਬਾਜ਼ ਨਹੀਂ ਚੱਲ ਰਿਹਾ। ਇਹੀ ਕਾਰਨ ਹੈ ਕਿ ਧਵਲ ਕੁਲਕਰਨੀ ਨੂੰ ਟੀਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।