ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਦਿੱਲੀ (ਡੀ.ਸੀ.) ਅਤੇ ਪੰਜਾਬ (ਪੀਬੀਕੇਐਸ) ਵਿਚਕਾਰ ਮੁਕਾਬਲਾ ਹੋਵੇਗਾ। ਸੋਮਵਾਰ ਨੂੰ ਦਿੱਲੀ ਦਾ ਖਿਡਾਰੀ ਮਿਸ਼ੇਲ ਮਾਰਸ਼ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਸੀ, ਜਿਸ ਕਾਰਨ ਇਸ ਮੈਚ ਦਾ ਸਥਾਨ ਬਦਲਿਆ ਗਿਆ ਹੈ। ਪਹਿਲਾਂ ਇਹ ਮੈਚ ਪੁਣੇ ‘ਚ ਹੋਣਾ ਸੀ ਪਰ ਹੁਣ ਇਹ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਆਈਪੀਐਲ ਦੇ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਪਹਿਲੀ ਵਾਰ ਪੰਜਾਬ ਕਿੰਗਜ਼ ਨਾਲ ਭਿੜੇਗੀ। ਦਿੱਲੀ ਦੀ ਟੀਮ ਇਸ ਸੀਜ਼ਨ ਦੇ ਅੰਕ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਹੈ, ਜਦਕਿ ਪੰਜਾਬ ਕਿੰਗਜ਼ ਇਸ ਸਮੇਂ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਦਿੱਲੀ ਦੀ ਟੀਮ ਨੇ ਹੁਣ ਤੱਕ 5 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 2 ਮੈਚ ਜਿੱਤੇ ਹਨ। ਦੂਜੇ ਪਾਸੇ ਪੰਜਾਬ ਨੇ ਹੁਣ ਤੱਕ 6 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 3 ਜਿੱਤੇ ਹਨ। ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਦੋਵਾਂ ਟੀਮਾਂ ਨੂੰ ਇਹ ਮੈਚ ਜਿੱਤਣਾ ਪਏਗਾ।
ਬ੍ਰੇਬੋਰਨ ਸਟੇਡੀਅਮ ਦੀ ਪਿੱਚ ਆਮ ਤੌਰ ‘ਤੇ ਗੇਂਦਬਾਜ਼ ਅਤੇ ਬੱਲੇਬਾਜ਼ ਦੋਵਾਂ ਲਈ ਮਦਦਗਾਰ ਸਾਬਿਤ ਹੁੰਦੀ ਹੈ। ਇਸ ਪਿੱਚ ‘ਤੇ ਤ੍ਰੇਲ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ। ਇਸ ਮੈਦਾਨ ਦੀਆਂ ਛੋਟੀਆਂ ਬਾਊਂਡਰੀਆਂ ਅਤੇ ਤੇਜ਼ ਆਊਟਫੀਲਡ ਕਾਰਨ ਇੱਥੇ ਅਕਸਰ ਹੀ ਉੱਚ ਸਕੋਰ ਵਾਲੇ ਮੈਚ ਦੇਖਣ ਨੂੰ ਮਿਲਦੇ ਹਨ। ਇਸ ਵਿਕਟ ‘ਤੇ ਪਹਿਲੀ ਪਾਰੀ ਦਾ ਔਸਤ ਸਕੋਰ 186 ਦੌੜਾਂ ਹੈ। ਦੂਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਦਾ ਇੱਥੇ ਸ਼ਾਨਦਾਰ ਰਿਕਾਰਡ ਹੈ। ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 60 ਫੀਸਦੀ ਮੈਚ ਜਿੱਤੇ ਹਨ।