ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦਾ ਬਿਗਲ ਵੱਜ ਗਿਆ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਕੱਲ੍ਹ ਯਾਨੀ ਸ਼ਨੀਵਾਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ 31 ਮਾਰਚ ਨੂੰ ਲਖਨਊ ਸੁਪਰ ਜਾਇੰਟਸ ਨਾਲ ਭਿੜੇਗੀ। IPL-2022 (IPL 2022) ਸ਼ਨੀਵਾਰ ਨੂੰ ਮੌਜੂਦਾ ਜੇਤੂ ਚੇਨਈ ਸੁਪਰ ਕਿੰਗਜ਼ ਅਤੇ ਉਪ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੈਚ ਨਾਲ ਸ਼ੁਰੂ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ, ਚਾਰ ਵਾਰ ਦੀ ਜੇਤੂ ਅਤੇ ਇਸ ਵਾਰ ਆਪਣੇ ਪੰਜਵੇਂ ਆਈਪੀਐਲ ਖਿਤਾਬ ਲਈ ਲੜੇਗੀ।
ਇਸ ਦੇ ਨਾਲ ਹੀ ਕੋਲਕਾਤਾ ਆਪਣੇ ਤੀਜੇ ਖਿਤਾਬ ਲਈ ਦਾਅਵਾ ਪੇਸ਼ ਕਰੇਗੀ। ਦੋਵੇਂ ਟੀਮਾਂ ਨਵੇਂ ਕਪਤਾਨਾਂ ਨਾਲ ਮੈਦਾਨ ‘ਚ ਉਤਰਨਗੀਆਂ। ਮਹਿੰਦਰ ਸਿੰਘ ਧੋਨੀ ਨੇ ਵੀਰਵਾਰ ਨੂੰ ਚੇਨਈ ਦੀ ਕਪਤਾਨੀ ਛੱਡ ਕੇ ਰਵਿੰਦਰ ਜਡੇਜਾ ਨੂੰ ਦਿੱਤੀ। ਇਸ ਦੇ ਨਾਲ ਹੀ ਆਪਣੀ ਕਪਤਾਨੀ ‘ਚ ਦਿੱਲੀ ਕੈਪੀਟਲਸ ਨੂੰ ਫਾਈਨਲ ‘ਚ ਪਹੁੰਚਾਉਣ ਵਾਲੇ ਸ਼੍ਰੇਅਸ ਅਈਅਰ ਇਸ ਵਾਰ ਕੋਲਕਾਤਾ ਦੀ ਜਰਸੀ ‘ਚ ਕਪਤਾਨੀ ਕਰਦੇ ਨਜ਼ਰ ਆਉਣਗੇ।