ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2021 ਦੇ 53 ਵੇਂ ਮੈਚ ਵਿੱਚ ਕੇਐਲ ਰਾਹੁਲ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਸਿਰਫ 134 ਦੌੜਾਂ ‘ਤੇ ਰੋਕ ਦਿੱਤਾ ਹੈ। ਪੰਜਾਬ ਦੀ ਦਮਦਾਰ ਗੇਂਦਬਾਜ਼ੀ ਦੇ ਸਾਹਮਣੇ ਮਜ਼ਬੂਤ ਬੱਲੇਬਾਜ਼ਾਂ ਨਾਲ ਸਜੀ ਚੇਨਈ ਦੀ ਟੀਮ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ ਸਿਰਫ 134 ਦੌੜਾਂ ਹੀ ਬਣਾ ਸਕੀ ਹੈ। ਚੇਨਈ ਲਈ ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ ਅੱਠ ਚੌਕੇ ਅਤੇ ਦੋ ਛੱਕੇ ਨਿਕਲੇ ਹਨ।
ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਅਤੇ ਕ੍ਰਿਸ ਜੌਰਡਨ ਨੇ ਪੰਜਾਬ ਕਿੰਗਜ਼ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਦੋਵਾਂ ਨੇ ਦੋ -ਦੋ ਵਿਕਟਾਂ ਹਾਸਿਲ ਕੀਤੀਆਂ ਹਨ। ਇਸ ਤੋਂ ਇਲਾਵਾ ਰਵੀ ਬਿਸ਼ਨੋਈ ਅਤੇ ਮੁਹੰਮਦ ਸ਼ਮੀ ਨੂੰ ਇੱਕ -ਇੱਕ ਸਫਲਤਾ ਮਿਲੀ ਹੈ। ਫਿਲਹਾਲ ਪੰਜਾਬ ਦੀ ਪਾਰੀ ਸ਼ੁਰੂ ਹੋ ਗਈ ਹੈ। ਇਸ ਸਮੇ ਪੰਜਾਬ ਦਾ ਸਕੋਰ 52/2 ਹੈ। ਸ਼ਾਰਦੁਲ ਨੇ ਸੀਐਸਕੇ ਨੂੰ ਪਹਿਲੀ ਸਫਲਤਾ ਮਯੰਕ ਅਗਰਵਾਲ ਨੂੰ ਆਊਟ ਕਰ ਦਿਵਾਈ ਹੈ।