ਫਰੀਦਕੋਟ ਦੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ ਹੋਈ ਹੈ। ਇਸ ਤੋਂ ਪਹਿਲਾਂ ਵੀ ਸਿਫਤ ਕੌਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਸਮਰਾ ਦੀ ਚੋਣ ਦੀ ਖਬਰ ਨਾਲ ਪਰਿਵਾਰ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਡਾਕਟਰ ਬਣਨ ਦਾ ਸੁਪਨਾ ਦੇਖਣ ਵਾਲੀ ਸਿਫਤ ਕੌਰ ਨੇ ਸਕੂਲ ਪੜ੍ਹਦਿਆਂ ਹੀ ਸ਼ੌਕ ਵਜੋਂ ਰਾਈਫਲ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਿਆਂ ਸਿਫਤ ਕੌਰ ਨੇ ਆਪਣੇ ਅਧਿਆਪਕ ਦੀ ਸਲਾਹ ਨਾਲ ਸਕੂਲ ਵਿੱਚ ਹੀ ਸ਼ੂਟਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਅਤੇ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਅਜਿਹਾ ਸ਼ੌਕ ਪੈਦਾ ਹੋਇਆ ਕਿ ਇਹ ਹੌਲੀ-ਹੌਲੀ ਇੱਕ ਜਨੂੰਨ ਵਿੱਚ ਬਦਲ ਗਿਆ। ਇਸ ਤੋਂ ਬਾਅਦ ਸਿਫਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਸਿਫਤ ਕੌਰ ਦੀ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਚੋਣ ਹੋਈ।
