ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ 27 ਮਾਰਚ, 2022 ਤੋਂ ਇੱਕ ਵਾਰ ਫਿਰ ਤੋਂ ਨਿਯਮਿਤ ਤੌਰ ‘ਤੇ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਤਹਿਤ ਉਡਾਣਾਂ ਦੇਸ਼ ਤੋਂ ਬਾਹਰ ਜਾ ਸਕਣਗੀਆਂ ਅਤੇ ਬਾਹਰ ਦੀਆਂ ਉਡਾਣਾਂ ਵੀ ਦੇਸ਼ ਵਿੱਚ ਆ ਸਕਣਗੀਆਂ। ਕੋਰੋਨਾ ਦੇ ਕਾਰਨ, ਲਗਭਗ ਦੋ ਸਾਲ ਪਹਿਲਾਂ, ਕੇਂਦਰ ਨੇ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਉਡਾਣਾਂ ਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਕੇਂਦਰ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਦੌਰਾਨ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।
ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਟਵੀਟ ਕੀਤਾ, “ਸਟੇਕਹੋਲਡਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਅਤੇ ਕੋਰੋਨਾ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ, ਅਸੀਂ 27 ਮਾਰਚ ਤੋਂ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਹਵਾਈ ਬੱਬਲ ਦੀ ਪ੍ਰਣਾਲੀ ਵੀ ਖਤਮ ਹੋ ਜਾਵੇਗੀ। ਮੈਨੂੰ ਉਮੀਦ ਹੈ ਕਿ ਇਸ ਕਦਮ ਨਾਲ ਇਸ ਸੈਕਟਰ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਜਾਵੇਗਾ।”