ਕਿਸਾਨ ਅੰਦੋਲਨ ਵਿਚਕਾਰ ਹਰਿਆਣਾ ‘ਚ ਜ਼ਿਮਨੀ ਚੋਣ ਦੌਰਾਨ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਏਲਨਾਬਾਦ ਵਿਧਾਨ ਸਭਾ ਸੀਟ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇੱਥੋਂ ਇੱਕ ਵਾਰ ਫਿਰ ਅਭੈ ਸਿੰਘ ਚੌਟਾਲਾ ਨੇ ਜਿੱਤ ਦਰਜ ਕੀਤੀ ਹੈ। ਚੌਟਾਲਾ 6739 ਵੋਟਾਂ ਨਾਲ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ ਅਤੇ 16 ਰਾਊਂਡ ਪੂਰੇ ਹੋਣ ਤੋਂ ਬਾਅਦ ਸਭ ਤੋਂ ਵੱਧ ਵੋਟਾਂ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਗਿਆ।
ਭਾਜਪਾ-ਜੇਜੇਪੀ ਉਮੀਦਵਾਰ ਗੋਬਿੰਦ ਕਾਂਡਾ ਨੇ ਅਭੈ ਚੌਟਾਲਾ ਨੂੰ ਸਖਤ ਟੱਕਰ ਦਿੱਤੀ ਹੈ। ਪਰ ਉਹ ਜਿੱਤ ਦਾ ਸਵਾਦ ਨਹੀਂ ਚੱਖ ਸਕੇ। ਕੁੱਝ ਗੇੜਾਂ ਵਿੱਚ, ਉਹ ਸਿਰਫ ਵੋਟਾਂ ਦੇ ਫਰਕ ਨੂੰ ਘੱਟ ਕਰ ਸਕੇ ਸਨ। ਇਸ ਤੋਂ ਪਹਿਲਾਂ ਵੀ ਅਭੈ ਸਿੰਘ ਇਸ ਸੀਟ ਤੋਂ ਵਿਧਾਇਕ ਸਨ, ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਅਸਤੀਫਾ ਦੇ ਦਿੱਤਾ ਸੀ। ਉੱਥੇ ਹੀ ਕਾਂਗਰਸੀ ਉਮੀਦਵਾਰ ਪਵਨ ਬੈਨੀਵਾਲ ਤੀਜੇ ਨੰਬਰ ‘ਤੇ ਰਹੇ ਹਨ।