ਇੰਡੋਨੇਸ਼ੀਆ ਦੀ ਰਾਜਧਾਨੀ ‘ਚ ਇੱਕ ਈਂਧਨ ਸਟੋਰੇਜ ਡਿਪੂ ‘ਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਆਲੇ-ਦੁਆਲੇ ਦੇ ਇਲਾਕਿਆਂ ‘ਚ ਫੈਲਣ ਤੋਂ ਬਾਅਦ ਉੱਥੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢਣਾ ਪਿਆ। ਸਰਕਾਰੀ ਤੇਲ ਅਤੇ ਗੈਸ ਕੰਪਨੀ ਪਰਟਾਮਿਨਾ ਦੁਆਰਾ ਸੰਚਾਲਿਤ ਬਾਲਣ ਸਟੋਰੇਜ ਡਿਪੂ, ਉੱਤਰੀ ਜਕਾਰਤਾ ਦੇ ਤਾਨਾਹ ਮੇਰਾਹ ਖੇਤਰ ਵਿੱਚ ਸੰਘਣੀ ਆਬਾਦੀ ਵਾਲੇ ਖੇਤਰ ਦੇ ਨੇੜੇ ਸਥਿਤ ਹੈ। ਇਹ ਇੰਡੋਨੇਸ਼ੀਆ ਦੀਆਂ ਬਾਲਣ ਲੋੜਾਂ ਦਾ 25 ਪ੍ਰਤੀਸ਼ਤ ਸਪਲਾਈ ਕਰਦਾ ਹੈ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 260 ਫਾਇਰ ਬ੍ਰਿਗੇਡ ਅਤੇ 52 ਫਾਇਰ ਟੈਂਡਰ ਆਲੇ-ਦੁਆਲੇ ਦੇ ਖੇਤਰ ‘ਚ ਅੱਗ ਬੁਝਾਉਣ ‘ਚ ਲੱਗੇ ਹੋਏ ਹਨ। ਜਕਾਰਤਾ ਦੇ ਅੱਗ ਅਤੇ ਬਚਾਅ ਵਿਭਾਗ ਦੇ ਮੁਖੀ ਐਸ ਗੁਨਵਾਨ ਨੇ ਕਿਹਾ ਕਿ ਘਟਨਾ ਸਥਾਨ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਅਜੇ ਵੀ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਇੱਕ ਪਿੰਡ ਦੇ ਹਾਲ ਅਤੇ ਇੱਕ ਮਸਜਿਦ ਵਿੱਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਕਈ ਧਮਾਕੇ ਹੋਏ ਹਨ ਅਤੇ ਇਹ ਤੇਜ਼ੀ ਨਾਲ ਘਰਾਂ ਤੱਕ ਫੈਲ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਬੱਚਿਆਂ ਸਮੇਤ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਇੰਡੋਨੇਸ਼ੀਆ ਦੇ ਫੌਜ ਮੁਖੀ ਡੁਡੰਗ ਅਬਦੁਰਚਮਨ ਨੇ ਦੱਸਿਆ ਕਿ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਬਚਾਅ ਕਾਰਜ ਜਾਰੀ ਹੈ। ਫੌਜ ਮੁਖੀ ਨੇ ਕਿਹਾ ਕਿ ਅਸੀਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਇਸ ਦੇ ਨਾਲ ਹੀ, ਪਰਟਾਮਿਨਾ ਕੰਪਨੀ ਨੇ ਕਿਹਾ ਕਿ ਉਹ ਨੇੜਲੇ ਕਰਮਚਾਰੀਆਂ ਅਤੇ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਮੀਖਿਆ ਕਰਕੇ ਕਾਰਨਾਂ ਦਾ ਪਤਾ ਲਗਾਉਣਗੇ।