ਬਰਮਿੰਘਮ ਵਿੱਚ 2022 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਮਹਿਲਾ ਲਾਅਨ ਬਾਲ ਟੀਮ ਨੇ ਨਿਊਜ਼ੀਲੈਂਡ ਨੂੰ 16-13 ਨਾਲ ਹਰਾ ਕੇ ਫਾਈਨਲ ਵਿੱਚ ਐਂਟਰੀ ਕੀਤੀ ਹੈ। ਇਸ ਨਾਲ ਭਾਰਤ ਲਈ ਘੱਟੋ-ਘੱਟ ਇੱਕ ਹੋਰ ਤਮਗਾ ਪੱਕਾ ਹੋ ਗਿਆ ਹੈ। 2 ਅਗਸਤ ਨੂੰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਭਾਰਤ ਦੀ ਇਸ ਚਾਰ ਮੈਂਬਰੀ ਟੀਮ ਵਿੱਚ ਲਵਲੀ ਚੌਬੇ, ਪਿੰਕੀ, ਨਯਨਮੋਕੀ ਸੈਕੀਆ ਅਤੇ ਰੂਪਾ ਰਾਣੀ ਟਿਰਕੀ ਸ਼ਾਮਿਲ ਸਨ। ਆਖਰੀ ਦਮ ਤੱਕ ਇਸ ਮੈਚ ਵਿੱਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਸ਼ੁਰੂਆਤ ‘ਚ ਭਾਰਤੀ ਟੀਮ 6-1 ਨਾਲ ਪਛੜ ਰਹੀ ਸੀ ਪਰ ਉਸ ਨੇ ਤਮਗਾ ਪੱਕਾ ਕਰਨ ਲਈ ਜ਼ਬਰਦਸਤ ਵਾਪਸੀ ਕੀਤੀ।
ਇਸ ਤਗਮੇ ਦਾ ਰੰਗ ਕੀ ਹੋਵੇਗਾ ਇਹ ਹੁਣ 2 ਅਗਸਤ ਨੂੰ ਹੋਣ ਵਾਲੇ ਫਾਈਨਲ ਮੈਚ ਵਿੱਚ ਤੈਅ ਹੋਵੇਗਾ। ਭਾਰਤ ਦਾ ਫਿਲਹਾਲ ਇਹ 7ਵਾਂ ਤਮਗਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ 6 ਤਗਮੇ ਜਿੱਤ ਚੁੱਕਾ ਹੈ। ਭਾਰਤ ਨੂੰ ਵੇਟਲਿਫਟਿੰਗ ਵਿੱਚ ਇਹ ਸਾਰੇ 6 ਤਗਮੇ ਮਿਲੇ ਹਨ। ਮੀਰਾਬਾਈ ਚਾਨੂ, ਜੇਰੇਮੀ ਲਾਲਰਿਨੁੰਗਾ ਅਤੇ ਅਚਿੰਤ ਸ਼ਿਵਾਲੀ ਨੇ ਭਾਰਤ ਲਈ ਤਿੰਨ ਸੋਨ ਤਗਮੇ ਜਿੱਤੇ ਹਨ। ਜਦੋਂਕਿ ਸੰਕੇਤ ਸਰਗਰ ਅਤੇ ਬਿੰਦਿਆਰਾਣੀ ਦੇਵੀ ਨੇ ਚਾਂਦੀ ਦੇ ਤਗਮੇ ਜਿੱਤੇ। ਦੂਜੇ ਪਾਸੇ ਗੁਰੂਰਾਜ ਪੁਜਾਰੀ ਨੇ ਕਾਂਸੀ ਦਾ ਤਗਮਾ ਜਿੱਤਿਆ।