ਮੌਜੂਦਾ ਸਮੇਂ ਵਿੱਚ ਹਰ ਪੰਜਾਬੀ ਨੌਜਵਾਨ ਸੁਨਿਹਰੇ ਭਵਿੱਖ ਦੇ ਲਈ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਾਰਨ ਹਰ ਸਾਲ ਹਜ਼ਾਰਾਂ ਨੌਜਵਾਨ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਂਦੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਦੇ ਟੋਰਾਂਟੋ ਵਿੱਚ ਗੋਲੀਬਾਰੀ ਦੌਰਾਨ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਹ ਵਿਦਿਆਰਥੀ ਗਾਜ਼ੀਆਬਾਦ ਦੇ ਸਾਹਿਬਾਬਾਦ ਇਲਾਕੇ ਦਾ ਰਹਿਣ ਵਾਲਾ ਸੀ। ਕਾਰਤਿਕ ਵਾਸੂਦੇਵ ਜੋ ਕਿ ਗਲੋਬਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਕੈਨੇਡਾ ਦੇ ਟੋਰਾਂਟੋ ਗਿਆ ਸੀ ਅਤੇ ਇੱਕ ਰੈਸਟੋਰੈਂਟ ਵਿੱਚ ਕੰਮ ਕਰ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਵਾਸੂਦੇਵ ਨਾਂ ਦਾ ਇਹ ਨੌਜਵਾਨ ਬੀਤੇ ਜਨਵਰੀ ਮਹੀਨੇ ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਟੋਰਾਂਟੋ ਦੇ ਸਬਵੇ ਸਟੇਸ਼ਨ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਮੌਕੇ ‘ਤੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਵਾਸੂਦੇਵ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਾਸੂਦੇਵ ਟੋਰਾਂਟੋ ਦੇ ਸੇਨੇਕਾ ਕਾਲਜ ਦਾ ਵਿਦਿਆਰਥੀ ਸੀ । ਕਤਲ ਦੇ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹਨ। ਇਸ ਮਾਮਲੇ ਵਿੱਚ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜਾਂਚਕਰਤਾ ਉਨ੍ਹਾਂ ਗਵਾਹਾਂ ਦੀ ਭਾਲ ਕਰ ਰਹੇ ਹਨ ਜੋ ਘਟਨਾ ਦੇ ਸਮੇਂ ਮੌਜੂਦ ਸਨ। ਇਸ ਦੇ ਨਾਲ ਹੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।