ਅਫਗਾਨਿਸਤਾਨ ‘ਚ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ ਹੈ। ਦਾਨਿਸ਼ ਨਿਊਜ਼ ਏਜੰਸੀ ਰਾਇਟਰਜ਼ ਲਈ ਕੰਮ ਕਰਦੇ ਸੀ। ਕੁੱਝ ਦਿਨਾਂ ਤੋਂ ਉਹ ਕੰਧਾਰ ਦੀ ਮੌਜੂਦਾ ਸਥਿਤੀ ਨੂੰ ਕਵਰ ਕਰ ਰਹੇ ਸਨ। ਰਾਇਟਰਜ਼ ਦੀ ਖ਼ਬਰ ਅਨੁਸਾਰ ਸ਼ੁੱਕਰਵਾਰ ਨੂੰ ਦਾਨਿਸ਼ ਤਾਲਿਬਾਨ ਦੇ ਲੜਾਕੂਆਂ ਅਤੇ ਅਫਗਾਨ ਸੈਨਾ ਦੇ ਵਿਚਾਲੇ ਜੰਗ ਨੂੰ ਕਵਰ ਕਰ ਰਹੇ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਦਾਨਿਸ਼ ਸਿਦੀਕੀ ਦੀ ਹੱਤਿਆ ਸਪਿਨ ਬੋਲਦਕ ਜ਼ਿਲ੍ਹੇ ਵਿੱਚ ਕੀਤੀ ਗਈ ਸੀ। ਇਹ ਜ਼ਿਲ੍ਹਾ ਪਾਕਿਸਤਾਨ ਨਾਲ ਲੱਗਦਾ ਹੈ। ਇਹ ਹੱਤਿਆ ਕਿਸ ਨੇ ਕੀਤੀ ਅਤੇ ਇਸਦਾ ਕਾਰਨ ਕੀ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੂਡੇ ਨੇ ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ। ਅਫਗਾਨਿਸਤਾਨ ਦੇ ਰਾਜਦੂਤ ਫਰੀਦ ਨੇ ਟਵੀਟ ਕੀਤਾ, “ਬੀਤੀ ਰਾਤ ਕੰਧਾਰ ਵਿੱਚ ਇੱਕ ਦੋਸਤ ਦਾਨਿਸ਼ ਸਿੱਦਕੀ ਦੀ ਹੱਤਿਆ ਦੀ ਦੁਖਦਾਈ ਖ਼ਬਰ ਤੋਂ ਬਹੁਤ ਪ੍ਰੇਸ਼ਾਨ ਹਾਂ। ਭਾਰਤੀ ਪੱਤਰਕਾਰ ਅਤੇ Pulitzer Prize ਜੇਤੂ ਅਫਗਾਨ ਸੁਰੱਖਿਆ ਬਲਾਂ ਦੇ ਨਾਲ ਕਵਰੇਜ ਕਰ ਰਹੇ ਸਨ। ਕਾਬੁਲ ਰਵਾਨਾ ਹੋਣ ਤੋਂ 2 ਹਫਤੇ ਪਹਿਲਾਂ ਮੈਂ ਉਸ ਨੂੰ ਮਿਲਿਆ ਸੀ। ਉਸਦੇ ਪਰਿਵਾਰ ਅਤੇ ਰਾਇਟਰਜ਼ ਨੂੰ ਦਿਲਾਸਾ।”
ਦੱਸਣਯੋਗ ਹੈ ਕਿ ਦਾਨਿਸ਼ ਸਿੱਦੀਕੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਟੀਵੀ ਰਿਪੋਰਟਰ ਵਜੋਂ ਕੀਤੀ ਸੀ। ਬਾਅਦ ‘ਚ ਉਹ ਇਕ ਫੋਟੋ ਜਰਨਲਿਸਟ ਬਣ ਗਏ। ਦਾਨਿਸ਼ ਸਿੱਦਿਕੀ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਬੇਮਿਸਾਲ ਕਵਰੇਜ ਲਈ ਸਾਲ 2018 ਵਿੱਚ Pulitzer Prize ਨਾਲ ਵੀ ਨਵਾਜਿਆ ਗਿਆ ਸੀ।