ਕਾਂਟਾਸ ਦੀ ਮੈਲਬੋਰਨ-ਦਿੱਲੀ ਫਲਾਈਟ ‘ਚ ਭਾਰਤੀ ਮੂਲ ਦੀ ਕੁੜੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਸ ਦੀ ਉਮਰ ਸਿਰਫ਼ 24 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ 4 ਸਾਲ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਪੰਜਾਬ ਆ ਰਹੀ ਸੀ। ਪਰ ਆਪਣੇ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਤੋਂ ਚਲੇ ਗਈ। ਇਸ ਅਚਨਚੇਤ ਮੌਤ ਨੇ ਉਡਾਣ ਵਿੱਚ ਹਲਚਲ ਮਚਾ ਦਿੱਤੀ। ਜਾਣਕਾਰੀ ਮੁਤਾਬਿਕ ਕੁੜੀ ਦਾ ਨਾਂ ਮਨਪ੍ਰੀਤ ਕੌਰ ਸੀ। ਜੋ 20 ਜੂਨ ਨੂੰ ਦਿੱਲੀ ਆਉਣ ਲਈ ਕੈਂਟਾਸ ਦੀ ਫਲਾਈਟ ‘ਚ ਸਵਾਰ ਹੋਈ ਸੀ। ਮ੍ਰਿਤਕ ਕੁੜੀ ਦੇ ਦੋਸਤ ਗੁਰਪ੍ਰੀਤ ਗਰੇਵਾਲ ਨੇ ਦੱਸਿਆ ਕਿ ਏਅਰਪੋਰਟ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਮਨਪ੍ਰੀਤ ਦੀ ਸਿਹਤ ਵਿਗੜ ਗਈ ਸੀ ਅਤੇ ਉਹ ਬੀਮਾਰ ਮਹਿਸੂਸ ਕਰ ਰਹੀ ਸੀ। ਕਿਸੇ ਤਰ੍ਹਾਂ ਉਹ ਏਅਰਪੋਰਟ ਪਹੁੰਚ ਗਈ। ਫਲਾਈਟ ‘ਚ ਸਵਾਰ ਹੁੰਦੇ ਸਮੇਂ ਉਹ ਆਪਣੀ ਸੀਟ ਬੈਲਟ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਅਚਾਨਕ ਫਰਸ਼ ‘ਤੇ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।
ਇਸ ਹਾਦਸੇ ਨਾਲ ਫਲਾਈਟ ‘ਚ ਬੈਠੇ ਲੋਕ ਵੀ ਹੈਰਾਨ ਰਹਿ ਗਏ। ਦੋਸਤ ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਜਹਾਜ਼ ਵਿੱਚ ਸਵਾਰ ਹੋਈ ਸੀ। ਉਦੋਂ ਉਸ ਨੂੰ ਸੀਟ ਬੈਲਟ ਬੰਨ੍ਹਣ ‘ਚ ਦਿੱਕਤ ਆ ਰਹੀ ਸੀ। ਫਲਾਈਟ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਉਹ ਡਿੱਗ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਕੈਬਿਨ ਕਰੂ ਦੁਆਰਾ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਗਈ ਪਰ ਕੋਈ ਲਾਭ ਨਹੀਂ ਹੋਇਆ। ਮਨਪ੍ਰੀਤ 2020 ‘ਚ ਆਸਟ੍ਰੇਲੀਆ ਗਈ ਸੀ ਅਤੇ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਪਰਤ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਤੋਂ ਚਲੀ ਗਈ। ਮਨਪ੍ਰੀਤ ਮਾਨਸਾ ਦੇ ਧਰਮਪੁਰੇ ਨਾਲ ਸਬੰਧਤ ਸੀ।