ਲੰਡਨ ਦੇ ਨਾਟਿੰਘਮ ਵਿੱਚ ਭਾਰਤੀ ਮੂਲ ਦੀ 19 ਸਾਲਾ ਵਿਦਿਆਰਥਣ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਿਦਿਆਰਥਣ ਦਾ ਨਾਂ ਗ੍ਰੇਸ ਕੁਮਾਰ ਹੈ। ਗ੍ਰੇਸ ਨਾਟਿੰਘਮ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਉਹ ਰਾਤ ਨੂੰ ਆਪਣੇ ਦੋਸਤਾਂ ਨਾਲ ਆ ਰਹੀ ਸੀ। ਇਸ ਦੌਰਾਨ ਹਮਲਾਵਰ ਨੇ ਗ੍ਰੇਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਗ੍ਰੇਸ ਇੱਕ ਪ੍ਰਤਿਭਾਸ਼ਾਲੀ ਹਾਕੀ ਖਿਡਾਰੀ ਸੀ।
ਦੱਸ ਦੇਈਏ ਕਿ ਮੰਗਲਵਾਰ ਨੂੰ ਨੌਟਿੰਘਮ ਵਿੱਚ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਗ੍ਰੇਸ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਨੌਟਿੰਘਮ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 31 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਨੌਟਿੰਘਮ ਪੁਲਿਸ ਦੇ ਚੀਫ ਕਾਂਸਟੇਬਲ ਕੇਟ ਮੇਨੇਲ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਨੌਟਿੰਘਮ ਪੁਲਿਸ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਫੜਨ ਲਈ ਕਾਊਂਟਰ ਟੈਰੋਰਿਜ਼ਮ ਪੁਲਿਸਿੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਜਾਂਚ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਗ੍ਰੇਸ ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਸੰਜੇ ਕੁਮਾਰ ਦੀ ਬੇਟੀ ਹੈ। ਸੰਜੇ ਕੁਮਾਰ ਨੂੰ ਲੰਡਨ ‘ਚ ‘ਹੀਰੋ’ ਡਾਕਟਰ ਵਜੋਂ ਦੇਖਿਆ ਜਾਂਦਾ ਹੈ। 2009 ਵਿੱਚ ਉਨ੍ਹਾਂ ਨੇ ਚਾਕੂ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਕਈ ਬੱਚਿਆਂ ਦੀ ਜਾਨ ਬਚਾਈ ਸੀ। ਗ੍ਰੇਸ ਇੰਗਲੈਂਡ ਦੀ ਅੰਡਰ-18 ਟੀਮ ਲਈ ਖੇਡ ਚੁੱਕੀ ਹੈ। ਉਹ ਕ੍ਰਿਕਟਰ ਵੀ ਸੀ। ਇੰਗਲੈਂਡ ਹਾਕੀ ਨੇ ਗ੍ਰੇਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਨਾਟਿੰਘਮ ‘ਚ ਗ੍ਰੇਸ ਕੁਮਾਰ ਦੇ ਦੇਹਾਂਤ ਦੀ ਖਬਰ ਤੋਂ ਅਸੀਂ ਸਾਰੇ ਬਹੁਤ ਦੁਖੀ ਹਾਂ। ਇਸ ਦੇ ਨਾਲ ਹੀ ਵੁੱਡਫੋਰਡ ਵੇਲਜ਼ ਕ੍ਰਿਕਟ ਕਲੱਬ ਨੇ ਗ੍ਰੇਸ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਨਾਟਿੰਘਮ ਦੀਆਂ ਘਟਨਾਵਾਂ ‘ਤੇ ਦੁੱਖ ਪ੍ਰਗਟ ਕੀਤਾ ਹੈ।