ਸਿੰਗਾਪੁਰ ਵਿੱਚ ਇੱਕ ਹਾਊਸਿੰਗ ਅਸਟੇਟ ਵਿੱਚ ਇੱਕ ਮਿਨੀਮਾਰਟ ਤੋਂ ਕੋਕਾ-ਕੋਲਾ ਦੇ ਤਿੰਨ ਕੈਨ ਚੋਰੀ ਕਰਨ ਲਈ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਛੇ ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਕਤ ਵਿਅਕਤੀ ਦੀ ਪਛਾਣ 61 ਸਾਲਾ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੇ ਚੋਰੀ ਦੀ ਵਾਰਦਾਤ ‘ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੂੰ ਦੱਸਿਆ ਗਿਆ ਕਿ ਜਸਵਿੰਦਰ ਸਿੰਘ 26 ਅਗਸਤ ਨੂੰ ਬੁਕਿਤ ਮਰਾਹ ਪਬਲਿਕ ਹਾਊਸਿੰਗ ਅਸਟੇਟ ਵਿੱਚ ਇੱਕ ਮਿਨੀਮਾਰਟ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੇ ਰੁਕ ਕੇ ਫਰਿੱਜ ਦਾ ਦਰਵਾਜ਼ਾ ਖੋਲ੍ਹਿਆ ਅਤੇ ਬਿਨਾਂ ਪੈਸੇ ਦਿੱਤੇ ਕੋਕਾ ਕੋਲਾ ਦੇ ਤਿੰਨ ਕੈਨ ਆਪਣੇ ਨਾਲ ਲੈ ਗਿਆ। ਇਸ ਦੌਰਾਨ ਦੁਕਾਨ ਦਾ ਮਾਲਕ ਹੋਰ ਕੰਮ ‘ਚ ਰੁੱਝਿਆ ਹੋਇਆ ਸੀ ਪਰ ਫਰਿੱਜ ਦਾ ਦਰਵਾਜ਼ਾ ਦੇਖ ਕੇ ਉਸ ਦੀ ਪਤਨੀ ਨੂੰ ਸ਼ੱਕ ਹੋ ਗਿਆ।
ਜਦੋਂ ਦੁਕਾਨ ਮਾਲਕ ਦੀ ਪਤਨੀ ਦੇ ਕਹਿਣ ’ਤੇ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਸਾਫ਼ ਦੇਖਿਆ ਗਿਆ ਕਿ ਜਸਵਿੰਦਰ ਸਿੰਘ ਨੇ ਫਰਿੱਜ ’ਚੋਂ ਐਸਜੀਡੀ3 (ਲਗਭਗ 170 ਰੁਪਏ) ਦੇ ਤਿੰਨ ਕੋਕਾ ਕੋਲਾ ਕੈਨ ਚੋਰੀ ਕੀਤੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਦੋਸ਼ੀ ਦੀ ਪਛਾਣ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਜਸਵਿੰਦਰ ਸਿੰਘ ਦੇ ਫਲੈਟ ‘ਤੇ ਛਾਪਾ ਮਾਰ ਕੇ ਉਸ ਦੇ ਫਰਿੱਜ ‘ਚੋਂ ਕੋਕਾ ਕੋਲਾ ਦੇ ਦੋ ਕੈਨ ਬਰਾਮਦ ਕੀਤੇ, ਜੋ ਕਿ ਮਿਨੀਮਾਰਟ ਨੂੰ ਵਾਪਿਸ ਕਰ ਦਿੱਤੇ ਗਏ ਸਨ।
ਇਸ ਤੋਂ ਪਹਿਲਾਂ ਵੀ ਸਿੰਗਾਪੁਰ ਵਿੱਚ ਇੱਕ 29 ਸਾਲਾ ਭਾਰਤੀ ਮੂਲ ਦੀ ਲੜਕੀ ਨੂੰ ਇੱਕ ਬੈਂਕ ਨਾਲ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਦੋਸ਼ੀ ਔਰਤ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਹੈ ਕਿ ਔਰਤ ਨੇ ਸਿਟੀ ਬੈਂਕ ਤੋਂ ਕਰਜ਼ਾ ਲੈਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ। ਸਿੰਗਾਪੁਰ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਭਾਰਤੀ ਮੂਲ ਦੇ ਲੋਕ ਦੋਸ਼ੀ ਪਾਏ ਜਾ ਰਹੇ ਹਨ। ਪਿਛਲੇ ਹਫ਼ਤੇ ਇੱਕ ਵਿਅਕਤੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿੱਚ ਦੋ ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ।