ਟੋਕੀਓ ਓਲੰਪਿਕ ‘ਚ ਭਾਰਤੀ ਟੀਮ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੇ ਕਪਤਾਨ ਮਨਪ੍ਰੀਤ ਸਿੰਘ ‘ਤੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਹੈ। ਹੁਣ ਇਹ ਸਟਾਰ ਮਿਡਫੀਲਡਰ 8 ਤੋਂ 13 ਫਰਵਰੀ ਤੱਕ ਦੱਖਣੀ ਅਫਰੀਕਾ ਅਤੇ ਫਰਾਂਸ ਦੇ ਖਿਲਾਫ ਡਬਲ ਲੇਗ FIH ਪ੍ਰੋ ਲੀਗ ਵਿੱਚ ਟੀਮ ਦੀ ਅਗਵਾਈ ਕਰੇਗਾ। ਮੈਚ ਲਈ 20 ਮੈਂਬਰੀ ਭਾਰਤੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਡਰੈਗਫਲਿਕਰ ਹਰਮਨਪ੍ਰੀਤ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਨੌਜਵਾਨ ਡਰੈਗਫਲਿਕਰ ਜੁਗਰਾਜ ਸਿੰਘ ਅਤੇ ਸਟ੍ਰਾਈਕਰ ਅਭਿਸ਼ੇਕ ਨੂੰ ਪਹਿਲੀ ਵਾਰ ਭਾਰਤੀ ਹਾਕੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਅਟਾਰੀ, ਪੰਜਾਬ ਦੇ ਰਹਿਣ ਵਾਲੇ, ਜੁਗਰਾਜ ਨੇ ਪਹਿਲੀ ਹਾਕੀ ਇੰਡੀਆ ਸੀਨੀਅਰ ਪੁਰਸ਼ ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਰਾਸ਼ਟਰੀ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਸੀਨੀਅਰ ਨੈਸ਼ਨਲ ਕੈਂਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ।
ਦੂਜੇ ਪਾਸੇ ਅਭਿਸ਼ੇਕ ਸਟਰਾਈਕਰ ਹੈ ਜੋ ਪਹਿਲਾਂ ਜੂਨੀਅਰ ਪ੍ਰੋਗਰਾਮ ਦਾ ਹਿੱਸਾ ਸੀ। ਉਹ 2017 ਅਤੇ 2018 ਵਿੱਚ ਸੁਲਤਾਨ ਜੋਹੋਰ ਕੱਪ ਵਿੱਚ ਭਾਰਤ ਲਈ ਖੇਡਿਆ ਸੀ। ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਅਭਿਸ਼ੇਕ ਨੇ ਵੀ ਪਹਿਲੀ ਸੀਨੀਅਰ ਪੁਰਸ਼ ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਨੈਸ਼ਨਲ ਬੈਂਕ ਲਈ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਨਾਲ ਉਸ ਨੂੰ ਪਹਿਲੀ ਵਾਰ ਸੀਨੀਅਰ ਨੈਸ਼ਨਲ ਕੈਂਪ ਵਿੱਚ ਜਗ੍ਹਾ ਬਣਾਉਣ ਵਿੱਚ ਮਦਦ ਮਿਲੀ।
ਭਾਰਤੀ ਟੀਮ ਇਸ ਪ੍ਰਕਾਰ ਹੈ- ਗੋਲਕੀਪਰ: ਪੀਆਰ ਸ਼੍ਰੀਜੇਸ਼, ਕ੍ਰਿਸ਼ਨਾ ਬਹਾਦੁਰ ਪਾਠਕ; ਡਿਫੈਂਡਰ- ਹਰਮਨਪ੍ਰੀਤ ਸਿੰਘ (ਉਪ-ਕਪਤਾਨ), ਅਮਿਤ ਰੋਹੀਦਾਸ, ਸੁਰੇਂਦਰ ਕੁਮਾਰ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ। ਮਿਡਫੀਲਡਰ – ਮਨਪ੍ਰੀਤ ਸਿੰਘ (ਕਪਤਾਨ), ਨੀਲਕੰਤ ਸ਼ਰਮਾ, ਹਾਰਦਿਕ ਸਿੰਘ, ਜਸਕਰਨ ਸਿੰਘ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ; ਫਾਰਵਰਡ- ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਕਾਸ਼ਦੀਪ ਸਿੰਘ, ਸ਼ਿਲਾਨੰਦ ਲਾਕੜਾ, ਦਿਲਪ੍ਰੀਤ ਸਿੰਘ, ਅਭਿਸ਼ੇਕ।