ਏਸ਼ੀਅਨ ਚੈਂਪੀਅਨਸ ਟਰਾਫੀ ਜਿੱਤਣ ਤੋਂ ਬਾਅਦ ਵੀ ਭਾਰਤੀ ਹਾਕੀ ਟੀਮ ਦਾ ਦਮਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤੀ ਖਿਡਾਰੀਆਂ ਨੇ ਰਵਾਇਤੀ ਹਾਕੀ ਵਿੱਚ ਹੀ ਨਹੀਂ ਸਗੋਂ ਇਸ ਦੇ ਨਵੇਂ ਫਾਰਮੈਟ ‘ਹਾਕੀ ਫਾਈਵ’ ਵਿੱਚ ਵੀ ਕਮਾਲ ਕਰ ਦਿਖਾਇਆ ਹੈ। ਓਮਾਨ ‘ਚ ਚੱਲ ਰਹੇ ਏਸ਼ੀਅਨ ਹਾਕੀ 5 ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ ‘ਚ ਭਾਰਤੀ ਟੀਮ ਨੇ 30-30 ਮਿੰਟ ਦੇ ਦੋ ਮੈਚਾਂ ‘ਚ 42 ਗੋਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਟੀਮ ਇੰਡੀਆ ਨੇ ਪਹਿਲਾਂ ਮਲੇਸ਼ੀਆ ਨੂੰ ਹਰਾਇਆ ਅਤੇ ਫਿਰ ਜਾਪਾਨ ਨੂੰ 35-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਦਾ ਸੈਮੀਫਾਈਨਲ ਮੈਚ ਸ਼ਨੀਵਾਰ ਨੂੰ ਹੋਵੇਗਾ।
ਸਲਾਲਾ ‘ਚ ਖੇਡੇ ਜਾ ਰਹੇ ਇਸ ਟੂਰਨਾਮੈਂਟ ‘ਚ ਵੀਰਵਾਰ 31 ਅਗਸਤ ਨੂੰ ਭਾਰਤੀ ਟੀਮ ਨੇ ਦੋ ਮੈਚ ਖੇਡੇ ਅਤੇ ਕਾਫੀ ਗੋਲ ਕੀਤੇ। ਹਾਲਾਂਕਿ ਪਹਿਲੇ ਮੈਚ ‘ਚ ਟੀਮ ਇੰਡੀਆ ਨੂੰ ਮਲੇਸ਼ੀਆ ਤੋਂ ਸਖਤ ਟੱਕਰ ਮਿਲੀ। ਦੋਵੇਂ ਟੀਮਾਂ ਨੇ ਗੋਲ ਕੀਤੇ ਪਰ ਉਨ੍ਹਾਂ ਦੀ ਗਿਣਤੀ ਹੋਰ ਮੈਚਾਂ ਵਾਂਗ ਜ਼ਿਆਦਾ ਨਹੀਂ ਰਹੀ। ਮਲੇਸ਼ੀਆ ਨੇ 8ਵੇਂ ਮਿੰਟ ਤੱਕ 3-1 ਦੀ ਬੜ੍ਹਤ ਬਣਾ ਲਈ ਸੀ ਪਰ ਫਿਰ ਭਾਰਤ ਨੇ ਵਾਪਸੀ ਕਰਦੇ ਹੋਏ ਅਗਲੇ 22 ਮਿੰਟਾਂ ਵਿੱਚ 6 ਗੋਲ ਕੀਤੇ। ਇਸ ਤੋਂ ਬਾਅਦ ਮਲੇਸ਼ੀਆ ਨੇ ਦੋ ਹੋਰ ਗੋਲ ਕੀਤੇ ਪਰ ਫਿਰ ਵੀ ਭਾਰਤ ਨੇ 7-5 ਨਾਲ ਜਿੱਤ ਦਰਜ ਕੀਤੀ।
ਮਲੇਸ਼ੀਆ ਤੋਂ ਬਾਅਦ ਵਾਰੀ ਸੀ ਜਾਪਾਨ ਦੀ, ਜਿਸ ਨੂੰ ਭਾਰਤ ਨੇ ਕੋਈ ਮੌਕਾ ਨਹੀਂ ਦਿੱਤਾ। ਭਾਰਤ ਨੇ ਮੈਚ ਦੇ ਪਹਿਲੇ ਮਿੰਟ ਤੋਂ ਲੈ ਕੇ 29ਵੇਂ ਮਿੰਟ ਤੱਕ ਗੋਲ ਕੀਤੇ। ਭਾਰਤ ਲਈ ਮਨਿੰਦਰ ਸਿੰਘ ਨੇ ਇਕੱਲੇ 10 ਗੋਲ ਕੀਤੇ ਜਦਕਿ ਮੁਹੰਮਦ ਰਾਹੀਲ ਨੇ 6 ਗੋਲ ਕੀਤੇ। ਇਸ ਦੇ ਨਾਲ ਹੀ ਪਵਨ ਰਾਜਭਰ ਅਤੇ ਗੁਰਜੋਤ ਸਿੰਘ ਨੇ ਵੀ 5-5 ਗੋਲ ਕੀਤੇ। ਜਾਪਾਨ ਵੱਲੋਂ ਇੱਕੋ ਇੱਕ ਗੋਲ 29ਵੇਂ ਮਿੰਟ ਵਿੱਚ ਹੋਇਆ। ਇਸ ਤਰ੍ਹਾਂ 30 ਮਿੰਟ ਤੱਕ ਚੱਲੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 35-1 ਨਾਲ ਹਰਾ ਕੇ ਸੈਮੀਫਾਈਨਲ ਲਈ ਟਿਕਟ ਬੁੱਕ ਕਰ ਲਈ।