ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ ਮੁੰਬਈ ‘ਚ ਖੇਡੇ ਗਏ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਹਾਰ ਗਈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਮੁੰਬਈ ਟੈਸਟ ‘ਚ 25 ਦੌੜਾਂ ਨਾਲ ਹਾਰ ਗਈ ਹੈ। ਨਿਊਜ਼ੀਲੈਂਡ ਭਾਰਤ ‘ਚ 3 ਮੈਚਾਂ ਦੀ ਟੈਸਟ ਸੀਰੀਜ਼ ‘ਚ ਭਾਰਤ ਨੂੰ ਵਾਈਟ ਵਾਸ਼ ਕਰਨ ਵਾਲੀ ਪਹਿਲੀ ਟੀਮ ਵੀ ਬਣ ਗਈ ਹੈ। ਟੀਮ ਇੰਡੀਆ ਨੇ 1933-34 ‘ਚ ਪਹਿਲੀ ਵਾਰ ਘਰੇਲੂ ਧਰਤੀ ‘ਤੇ ਟੈਸਟ ਸੀਰੀਜ਼ ਖੇਡੀ ਸੀ, ਜੋ ਕਿ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਸੀ, ਜਿਸ ‘ਚ ਇੰਗਲੈਂਡ ਨੇ 2-0 ਨਾਲ ਜਿੱਤ ਦਰਜ ਕੀਤੀ ਸੀ। ਹੁਣ ਨਿਊਜ਼ੀਲੈਂਡ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਵਿੱਚ ਤਿੰਨ ਮੈਚਾਂ ਦੀ ਟੈਸਟ ਲੜੀ ਵਿੱਚ ਭਾਰਤ ਨੂੰ 3-0 ਨਾਲ ਹਰਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਨਿਊਜ਼ੀਲੈਂਡ ਨੇ ਟਾਮ ਲੈਥਮ ਦੀ ਕਪਤਾਨੀ ‘ਚ ਇਹ ਇਤਿਹਾਸਕ ਕਾਰਨਾਮਾ ਕੀਤਾ ਹੈ। ਜੇਕਰ 1933 ਤੋਂ ਦੇਖਿਆ ਜਾਵੇ ਤਾਂ ਲਗਭਗ 91 ਸਾਲ ਬਾਅਦ ਟੀਮ ਇੰਡੀਆ ਨੂੰ 3 ਮੈਚਾਂ ਦੀ ਟੈਸਟ ਸੀਰੀਜ਼ ‘ਚ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀਮ ਇੰਡੀਆ ਨੂੰ ਇਹ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।