ਜਹਾਜ਼ਾਂ ਦੇ ਸਫ਼ਰ ਦੌਰਾਨ ਅਕਸਰ ਹੀ ਲੋਕਾਂ ਦੇ ਵੱਲੋਂ ਹੁੱਲੜਬਾਜ਼ੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਬੈਂਗਲੁਰੁ ਤੋਂ ਸਿਡਨੀ ਜਾ ਰਹੀ ਉਡਾਣ ਤੋਂ ਵੀ ਸਾਹਮਣੇ ਆਇਆ ਹੈ। ਦਰਅਸਲ ਇਸ ਉਡਾਣ ‘ਚ ਸਵਾਰ 46 ਸਾਲ ਦੇ ਇੱਕ ਭਾਰਤੀ ਨਾਗਰਿਕ ਵੱਲੋਂ ਹੁੱਲੜਬਾਜ਼ੀ ਕੀਤੇ ਜਾਣ ਦੇ ਇਲਜ਼ਾਮ ਲੱਗੇ ਹਨ ਜਿਸ ਕਾਰਨ ਵਿਅਕਤੀ ਨੂੰ ਡਾਰਵਿਨ ਮੈਜਿਸਟ੍ਰੇਟ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਵਿਅਕਤੀ ‘ਤੇ ਫਲਾਈਟ ਸਟਾਫ ਨਾਲ ਬਦਸਲੂਕੀ ਕਰਨ ਅਤੇ ਜ਼ਮੀਨ ‘ਤੇ ਥੂਕਣ ਦੇ ਕਾਰਨ ਕੈਬਿਨ ਸਟਾਫ ਨੂੰ ਉਸਨੂੰ ਕੰਟਰੋਲ ਕਰਨ ਲਈ ਬੰਨ੍ਹਣਾ ਪਿਆ। ਇਸ ਘਟਨਾ ਕਰਕੇ ਉਡਾਣ ਨੂੰ ਡਾਰਵਿਨ ਚ ਜ਼ਬਰਦਸਤੀ ਉਤਾਰਨਾ ਪਿਆ ਅਤੇ ਸਫ਼ਰ ਵਿੱਚ ਲਗਭਗ 2 ਘੰਟਿਆਂ ਦੀ ਦੇਰੀ ਹੋਈ।
ਡਾਰਵਿਨ ਹਵਾਈ ਅੱਡੇ ‘ਤੇ ਵਿਅਕਤੀ ਨੂੰ ਪੁਲਿਸ ਨੇ ਫਲਾਈਟ ਲੈਂਡ ਹੋਣ ਮਗਰੋਂ ਗ੍ਰਿਫ਼ਤਾਰ ਕਰ ਲਿਆ। ਭਾਰਤੀ ਨਾਗਰਿਕ ਖਿਲਾਫ ਸਿਵਲ ਏਵੀਏਸ਼ਨ ਸੇਫ਼ਟੀ ਰੈਗੂਲੇਸ਼ਨ 91.525(1) ਅਧੀਨ ਜਹਾਜ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਗੈਰਜੁੰਮੇਵਾਰੀ ਵਾਲੇ ਵਿਹਾਰ ਦੇ ਦੋਸ਼ਾਂ ‘ਚ ਮਾਮਲਾ ਦਰਜ ਕੀਤਾ ਗਿਆ ਹੈ।