ਭਾਰਤੀ ਰੱਖਿਆ ਸੇਵਾ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਭਾਰਤੀ ਫੌਜ ਦੁਆਰਾ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ। ਇਸ ਦੌਰਾਨ ਸੋਮਵਾਰ ਨੂੰ ਭਾਰਤੀ ਫੌਜ ਵੱਲੋ ਇੱਕ ਇਤਿਹਾਸਿਕ ਫੈਸਲਾ ਲਿਆ ਗਿਆ ਹੈ। ਭਾਰਤੀ ਫੌਜ ਨੇ ਉਨ੍ਹਾਂ ਪੰਜ ਮਹਿਲਾ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਹੈ ਜਿਨ੍ਹਾਂ ਨੇ 26 ਸਾਲ ਦੀ ਸੇਵਾ ਪੂਰੀ ਕੀਤੀ ਹੈ, ਉਨ੍ਹਾਂ ਨੂੰ ਕਰਨਲ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਮਹਿਲਾ ਅਫਸਰ ਸ਼ਾਖਾਵਾਂ ਜਿਵੇਂ ਕਿ ਆਰਮੀ ਮੈਡੀਕਲ ਕੋਰ (ਏਐਮਸੀ), ਜੱਜ ਐਡਵੋਕੇਟ ਜਨਰਲ (ਜੇਏਜੀ) ਅਤੇ ਆਰਮੀ ਐਜੂਕੇਸ਼ਨ ਕੋਰ (ਏਈਸੀ) ਨੂੰ ਕਰਨਲ ਦੇ ਅਹੁਦੇ ‘ਤੇ ਨਿਯੁਕਤੀ ਲਈ ਮਨਜ਼ੂਰੀ ਦਿੱਤੀ ਗਈ ਹੈ। ਕਰਨਲ ਦੇ ਟਾਈਮ ਸਕੇਲ ਰੈਂਕ ਲਈ ਚੁਣੀਆਂ ਗਈਆਂ ਪੰਜ ਮਹਿਲਾ ਅਧਿਕਾਰੀਆਂ ਵਿੱਚ ਕੋਰ ਆਫ ਸਿਗਨਲਸ ਤੋਂ ਲੈਫਟੀਨੈਂਟ ਕਰਨਲ ਸੰਗੀਤਾ ਸਰਦਾਨਾ, ਈਐਮਈ ਕੋਰ ਤੋਂ ਲੈਫਟੀਨੈਂਟ ਕਰਨਲ ਸੋਨੀਆ ਆਨੰਦ ਅਤੇ ਲੈਫਟੀਨੈਂਟ ਕਰਨਲ ਨਵਨੀਤ ਦੁੱਗਲ ਅਤੇ ਕੋਰ ਆਫ ਇੰਜੀਨੀਅਰਜ਼ ਤੋਂ ਲੈਫਟੀਨੈਂਟ ਕਰਨਲ ਰੀਨੂੰ ਖੰਨਾ ਅਤੇ ਲੈਫਟੀਨੈਂਟ ਕਰਨਲ ਰਿਚਾ ਸਾਗਰ ਹਨ।
ਫੌਜ ਨੇ ਕਿਹਾ ਕਿ ਭਾਰਤੀ ਫੌਜ ਦੇ ਇੱਕ ਚੋਣ ਬੋਰਡ ਨੇ 26 ਸਾਲਾਂ ਦੀ ਸ਼ਾਨਦਾਰ ਸੇਵਾ ਪੂਰੀ ਕਰਨ ਤੋਂ ਬਾਅਦ ਪੰਜ ਮਹਿਲਾ ਅਧਿਕਾਰੀਆਂ ਨੂੰ ਕਰਨਲ (ਟਾਈਮ ਸਕੇਲ) ਦੇ ਅਹੁਦੇ ‘ਤੇ ਤਰੱਕੀ ਦੇਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਭਾਰਤੀ ਫੌਜ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਰ ਆਫ ਸਿਗਨਲਸ, ਇਲੈਕਟ੍ਰੌਨਿਕ ਐਂਡ ਮਕੈਨੀਕਲ ਇੰਜੀਨੀਅਰਸ ਕੋਰ (ਈਐਮਈ) ਅਤੇ ਕੋਰ ਆਫ ਇੰਜੀਨੀਅਰਸ ਦੇ ਨਾਲ ਸੇਵਾਵਾਂ ਨਿਭਾ ਰਹੀਆਂ ਮਹਿਲਾ ਅਫਸਰਾਂ ਨੂੰ ਕਰਨਲ ਦੇ ਰੈਂਕ ਵਿੱਚ ਪ੍ਰਵਾਨਗੀ ਦਿੱਤੀ ਗਈ ਹੈ।