ਅਮਰੀਕਾ ਵਿੱਚ ਇੱਕ ਸਕੈਂਡਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ ਤਕਨੀਕੀ ਸਹਾਇਤਾ ਘੁਟਾਲੇ ਕਾਰਨ 7,000 ਤੋਂ ਵੱਧ ਲੋਕਾਂ ਨੂੰ $13 ਮਿਲੀਅਨ ਦਾ ਨੁਕਸਾਨ ਹੋਇਆ ਹੈ। ਇਸ ਘਪਲੇ ਦੇ ਦੋਸ਼ ‘ਚ ਭਾਰਤੀ ਮੂਲ ਦੇ ਨਾਗਰਿਕ ਮਨੋਜ ਯਾਦਵ ਨੂੰ ਨਿਊਜਰਸੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮਨੋਜ ਯਾਦਵ ‘ਤੇ ਆਨਲਾਈਨ ਧੋਖਾਧੜੀ ਦਾ ਦੋਸ਼ ਹੈ ਅਤੇ ਉਸ ਨੂੰ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਮਨੋਜ ਯਾਦਵ ਇੱਕ ਸਾਫਟਵੇਅਰ ਕੰਪਨੀ ‘ਚ ਕੰਮ ਕਰਦਾ ਸੀ, ਉਸ ‘ਤੇ ਆਪਣੇ ਸਾਥੀਆਂ ਨਾਲ ਮਿਲ ਕੇ ਕੰਪਨੀ ਦੇ ਗਾਹਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਇਨ੍ਹਾਂ ਸਾਰਿਆਂ ਨੇ ਸਾਫਟਵੇਅਰ ਕੰਪਨੀ ਦੇ ਨਾਂ ‘ਤੇ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲੀਆਂ, ਇਹ ਸਾਰੇ ਉਸ ਸੇਵਾ ਦੇ ਪੈਸੇ ਲੈਂਦੇ ਸਨ, ਜੋ ਕੰਪਨੀ ਮੁਫਤ ਦਿੰਦੀ ਸੀ। ਐਫਬੀਆਈ ਨੇ ਮਨੋਜ ਯਾਦਵ ‘ਤੇ ਇਹ ਮੁੱਖ ਦੋਸ਼ ਲਗਾਇਆ ਹੈ।
ਅਮਰੀਕਾ ‘ਚ ਕਾਨੂੰਨ ਤਹਿਤ ਅਜਿਹੇ ਮਾਮਲਿਆਂ ‘ਚ ਦੋਸ਼ੀ ਨੂੰ 20 ਸਾਲ ਤੱਕ ਦੀ ਸਜ਼ਾ ਅਤੇ 2.5 ਲੱਖ ਡਾਲਰ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। ਐਫਬੀਆਈ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਅਜੋਕੇ ਸਮੇਂ ਵਿੱਚ ਅਜਿਹੇ ਮਾਮਲੇ ਵਧੇ ਹਨ, ਅੱਜਕੱਲ੍ਹ ਧੋਖਾਧੜੀ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਫਸਾਉਣ ਲਈ ਤਕਨੀਕ ਦਾ ਫਾਇਦਾ ਉਠਾ ਰਹੇ ਹਨ। ਇਹ ਘਪਲਾ 2017 ਤੋਂ 2023 ਤੱਕ ਜਾਰੀ ਰਿਹਾ ਹੈ, ਮਨੋਜ ਯਾਦਵ ਅਤੇ ਉਸ ਦੇ ਕਈ ਸਾਥੀ ਭਾਰਤ ਤੋਂ ਸਿਸਟਮ ਚਲਾਉਂਦੇ ਸਨ। ਇਹ ਸਾਰੇ ਇੱਕ ਅਮਰੀਕੀ ਸਾਫਟਵੇਅਰ ਕੰਪਨੀ ਦੇ ਕਰਮਚਾਰੀ ਹੋਣ ਦਾ ਦਾਅਵਾ ਕਰਦੇ ਸਨ ਅਤੇ ਸਾਫਟਵੇਅਰ ਨੂੰ ਸੁਧਾਰਨ ਅਤੇ ਬਗਸ ਨੂੰ ਠੀਕ ਕਰਨ ਲਈ ਗਾਹਕਾਂ ਤੋਂ ਪੈਸੇ ਲੈਂਦੇ ਸਨ। ਜਦੋਂ ਕਿ ਕੰਪਨੀ ਇਹ ਸੁਵਿਧਾਵਾਂ ਮੁਫਤ ਪ੍ਰਦਾਨ ਕਰਦੀ ਹੈ।
ਇਸ ਸਾਫਟਵੇਅਰ ਕੰਪਨੀ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਅਸੀਂ ਕਿਸੇ ਸੇਵਾ ਲਈ ਪੈਸੇ ਨਹੀਂ ਲੈਂਦੇ, ਜਦਕਿ ਅਸੀਂ ਮਨੋਜ ਯਾਦਵ ਜਾਂ ਕਿਸੇ ਹੋਰ ਵਿਅਕਤੀ ਨੂੰ ਕੋਈ ਅਧਿਕਾਰ ਵੀ ਨਹੀਂ ਦਿੱਤਾ ਸੀ। ਮਨੋਜ ਯਾਦਵ ‘ਤੇ ਖੁਦ ਇਸ ਘਪਲੇ ‘ਚ ਨਿੱਜੀ ਤੌਰ ‘ਤੇ ਸ਼ਾਮਿਲ ਹੋਣ ਦਾ ਦੋਸ਼ ਲੱਗਾ ਹੈ।