[gtranslate]

ਕੋਈ ਮਜ਼ਦੂਰ ਦੀ ਧੀ ਤੇ ਕੋਈ ਛੋਟੇ ਜਿਹੇ ਪਿੰਡ ਦਾ ਮਾਣ, ਇਹ ਹੈ ਭਾਰਤ ਦੀ ਝੋਲੀ ਵਿਸ਼ਵ ਕੱਪ ਪਾਉਣ ਵਾਲੀਆਂ ਧੀਆਂ ਦੀ ਕਹਾਣੀ

india won u19 women's world cup

ਟੀਮ ਇੰਡੀਆ ਨੇ ਯਾਦਗਾਰ ਪ੍ਰਦਰਸ਼ਨ ਕਰਦੇ ਹੋਏ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਦੱਖਣੀ ਅਫਰੀਕਾ ਦੇ ਪੋਚੇਫਸਟਰੂਮ ‘ਚ ਐਤਵਾਰ ਨੂੰ ਹੋਏ ਫਾਈਨਲ ਮੈਚ ‘ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਹੈ, ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਦਾ ਵਿਸ਼ਵ ਕੱਪ ਖਿਤਾਬ ਜਿੱਤਣ ਦਾ ਸੁਪਨਾ ਵੀ ਪੂਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਦੀ ਸੀਨੀਅਰ ਜਾਂ ਜੂਨੀਅਰ ਮਹਿਲਾ ਟੀਮ ਕਦੇ ਵੀ ਖਿਤਾਬ ਨਹੀਂ ਜਿੱਤ ਸਕੀ ਸੀ। ਭਾਰਤੀ ਟੀਮ ਦੇ ਇਸ ਖ਼ਿਤਾਬੀ ਸਫ਼ਰ ਵਿੱਚ ਸਾਰੇ ਖਿਡਾਰੀਆਂ ਨੇ ਆਪਣੀ-ਆਪਣੀ ਭੂਮਿਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਆਓ ਜਾਣਦੇ ਹਾਂ ਉਨ੍ਹਾਂ 15 ਖਿਡਾਰੀਆਂ ਬਾਰੇ ਜੋ ਇਸ ਚੈਂਪੀਅਨ ਟੀਮ ਦਾ ਹਿੱਸਾ ਸਨ…

1. ਸ਼ੈਫਾਲੀ ਵਰਮਾ- ਕਪਤਾਨ ਸ਼ੈਫਾਲੀ ਵਰਮਾ ਨੇ ਇਸ ਪੂਰੇ ਟੂਰਨਾਮੈਂਟ ‘ਚ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਖੇਡ ਦਿਖਾਈ। ਸ਼ੈਫਾਲੀ ਨੇ 15 ਸਾਲ ਦੀ ਉਮਰ ਵਿੱਚ ਸੀਨੀਅਰ ਟੀਮ ਲਈ ਆਪਣਾ ਡੈਬਿਊ ਕੀਤਾ ਸੀ। ਰੋਹਤਕ ਦੀ ਰਹਿਣ ਵਾਲੀ ਸ਼ੈਫਾਲੀ ਵੀਰੇਂਦਰ ਸਹਿਵਾਗ ਵਾਂਗ ਖਤਰਨਾਕ ਬੱਲੇਬਾਜ਼ੀ ਕਰਨ ‘ਚ ਮਾਹਿਰ ਹੈ। ਸ਼ੇਫਾਲੀ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਵੀ ਟੀਮ ਇੰਡੀਆ ਦਾ ਹਿੱਸਾ ਹੈ। ਸ਼ੇਫਾਲੀ ਨੇ ਮੁੰਡਿਆਂ ਨਾਲ ਅਭਿਆਸ ਕਰਦੇ ਹੋਏ ਕ੍ਰਿਕਟ ਖੇਡਣਾ ਸਿੱਖਿਆ ਸੀ।

2. ਸ਼ਵੇਤਾ ਸਹਿਰਾਵਤ- ਦਿੱਲੀ ਦੀ ਰਹਿਣ ਵਾਲੀ ਸ਼ਵੇਤਾ ਸਹਿਰਾਵਤ ਇਸ ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਸੀ। ਟੀਮ ਦੀ ਉਪ ਕਪਤਾਨ ਸ਼ਵੇਤਾ ਨੇ ਸੱਤ ਮੈਚਾਂ ਵਿੱਚ 99 ਦੀ ਸ਼ਾਨਦਾਰ ਔਸਤ ਨਾਲ 297 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਅਰਧ ਸੈਂਕੜੇ ਸ਼ਾਮਿਲ ਸਨ। ਸ਼ਵੇਤਾ ਅਤੇ ਸ਼ੈਫਾਲੀ ਦੀ ਜੋੜੀ ਨੇ ਪੂਰੇ ਟੂਰਨਾਮੈਂਟ ਵਿੱਚ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਸ਼ੁਰੂਆਤੀ ਦਿਨਾਂ ‘ਚ ਸ਼ਵੇਤਾ ਨੇ ਆਪਣੀ ਬੱਲੇਬਾਜ਼ੀ ‘ਚ ਹਮਲਾਵਰਤਾ ਲਿਆਉਣ ਲਈ ਲਗਭਗ ਚਾਰ ਸਾਲ ਮੁੰਡਿਆਂ ਨਾਲ ਅਭਿਆਸ ਕੀਤਾ ਸੀ।

3. ਸੌਮਿਆ ਤਿਵਾਰੀ – ਮੱਧਕ੍ਰਮ ਦੀ ਬੱਲੇਬਾਜ਼ ਸੌਮਿਆ ਤਿਵਾਰੀ ਨੇ ਫਾਈਨਲ ਮੈਚ ‘ਚ ਨਾਬਾਦ 24 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਭੋਪਾਲ ‘ਚ ਜਨਮੀ ਸੌਮਿਆ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਬਹੁਤ ਵੱਡੀ ਫੈਨ ਹੈ। ਜਿਸ ਕਾਰਨ ਉਸ ਦੇ ਸਾਥੀ ਵੀ ਉਸ ਨੂੰ ‘ਅਪਨੀ ਵਿਰਾਟ’ ਕਹਿੰਦੇ ਹਨ।

4. ਗੋਂਗੜੀ ਤ੍ਰਿਸ਼ਾ – ਫਾਈਨਲ ਮੈਚ ਵਿੱਚ, ਗੋਂਗੜੀ ਤ੍ਰਿਸ਼ਾ ਨੇ ਵੀ ਉਪਯੋਗੀ 24 ਦੌੜਾਂ ਬਣਾਈਆਂ ਸਨ। ਤ੍ਰਿਸ਼ਾ ਦਾ ਜਨਮ ਬਦਰਾਚਲਮ, ਤੇਲੰਗਾਨਾ ਵਿੱਚ ਹੋਇਆ ਸੀ। ਗੋਂਗੜੀ ਤ੍ਰਿਸ਼ਾ ਦੇ ਪਿਤਾ ਨੇ ਆਪਣੀ ਬੇਟੀ ਦਾ ਕ੍ਰਿਕਟ ਕਰੀਅਰ ਬਣਾਉਣ ਲਈ ਨੌਕਰੀ ਛੱਡ ਦਿੱਤੀ ਸੀ ਅਤੇ ਹੈਦਰਾਬਾਦ ਸ਼ਿਫਟ ਹੋ ਗਏ ਸਨ। ਤ੍ਰਿਸ਼ਾ ਲੈੱਗ-ਸਪਿਨ ਗੇਂਦਬਾਜ਼ੀ ਵੀ ਕਰ ਸਕਦੀ ਹੈ।

5. ਰਿਚਾ ਘੋਸ਼- ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੇ 16 ਸਾਲ ਦੀ ਉਮਰ ‘ਚ ਸੀਨੀਅਰ ਟੀਮ ‘ਚ ਆਪਣੀ ਜਗ੍ਹਾ ਬਣਾ ਲਈ ਸੀ। ਰਿਚਾ ਘੋਸ਼ ਨੂੰ ਵੱਡੇ ਸ਼ਾਟ ਖੇਡਣ ਦੀ ਕਲਾ ਵਿੱਚ ਮੁਹਾਰਤ ਹਾਸਿਲ ਹੈ। ਭਾਰਤ ਲਈ ਮਹਿਲਾ ਵਨਡੇ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਰਿਚਾ ਦੇ ਨਾਮ ਹੈ। ਸਿਲੀਗੁੜੀ ਦੀ ਰਹਿਣ ਵਾਲੀ ਰਿਚਾ ਨੇ ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ‘ਚ ਵੀ ਕੁੱਝ ਧਮਾਕੇਦਾਰ ਪਾਰੀਆਂ ਖੇਡੀਆਂ ਸਨ।

6. ਹਰਸ਼ਿਤਾ ਬਾਸੂ- ਰਿਚਾ ਘੋਸ਼ ਦੀ ਤਰ੍ਹਾਂ, ਹਰਸ਼ਿਤਾ ਬਾਸੂ ਵੀ ਵਿਕਟਕੀਪਰ ਹੈ ਅਤੇ ਉਸ ਕੋਲ ਹੇਠਲੇ ਕ੍ਰਮ ‘ਚ ਆਕੇ ਤੇਜ਼ ਦੌੜਾਂ ਬਣਾਉਣ ਦੀ ਸਮਰੱਥਾ ਹੈ। ਸਕੂਪ ਸ਼ਾਟ ਹਰਸ਼ਿਤਾ ਬਾਸੂ ਦੇ ਪਸੰਦੀਦਾ ਸ਼ਾਟਾਂ ਵਿੱਚੋਂ ਇੱਕ ਹੈ। ਹਾਵੜਾ ‘ਚ ਜਨਮੀ ਹਰਸ਼ਿਤਾ ਬਾਸੂ ਮੈਦਾਨ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਤਕਨੀਕੀ ਤੌਰ ‘ਤੇ ਮਜ਼ਬੂਤ ​​ਹੈ।

7. ਤੀਤਾਸ ਸਾਧੂ – ਤੀਤਾਸ ਸਾਧੂ ਫਾਈਨਲ ਵਿੱਚ ਦੋ ਵਿਕਟਾਂ ਲੈ ਕੇ ਪਲੇਅਰ ਆਫ ਮੈਚ ਰਹੀ ਹੈ। ਤੀਤਾਸ ਸਾਧੂ ਨੂੰ ਭਾਰਤੀ ਟੀਮ ਦਾ ਭਵਿੱਖ ਕਿਹਾ ਜਾ ਰਿਹਾ ਹੈ। ਪੱਛਮੀ ਬੰਗਾਲ ਤੋਂ ਆਉਂਦੀ ਤੀਤਾਸ ਸਾਧੂ ਕੋਲ ਅਨੁਭਵੀ ਗੇਂਦਬਾਜ਼ ਝੂਲਨ ਗੋਸਵਾਮੀ ਵਾਂਗ ਗੇਂਦ ਨੂੰ ਸਵਿੰਗ ਅਤੇ ਬਾਊਂਸ ਕਰਨ ਦੀ ਸਮਰੱਥਾ ਹੈ। ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ‘ਚ ਵੀ ਸਾਧੂ ਦੇ ਕਾਫੀ ਮਹਿੰਗਾ ਵਿਕਣ ਦੀ ਸੰਭਾਵਨਾ ਹੈ।

8. ਮੰਨਤ ਕਸ਼ਯਪ- ਖੱਬੇ ਹੱਥ ਦੀ ਆਲਰਾਉਂਡਰ ਮੰਨਤ ਕਸ਼ਯਪ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਮੰਨਤ ਕਸ਼ਯਪ ਨੇ 6 ਮੈਚਾਂ ‘ਚ 10.33 ਦੀ ਔਸਤ ਨਾਲ 9 ਵਿਕਟਾਂ ਝਟਕੀਆ ਹਨ। ਪਟਿਆਲਾ ਵਿੱਚ ਜਨਮੀ ਮੰਨਤ ਕਸ਼ਯਪ ਬਚਪਨ ਵਿੱਚ ਜਿਆਦਾਤਰ ਮੁੰਡਿਆਂ ਨਾਲ ਕ੍ਰਿਕਟ ਖੇਡਦੀ ਸੀ। ਮੰਨਤ ਕਸ਼ਯਪ ਦੀ ਚਚੇਰੀ ਭੈਣ ਨੂਪੁਰ ਕਸ਼ਯਪ ਵੀ ਸਟੇਟ ਲੈਵਲ ਦੀ ਖਿਡਾਰਨ ਹੈ।

9. ਅਰਚਨਾ ਦੇਵੀ- ਭਾਰਤੀ ਟੀਮ ਦੀ ਇਸ ਜਿੱਤ ‘ਚ ਸਪਿਨ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਦੌਰਾਨ 18 ਸਾਲਾ ਅਰਚਨਾ ਦੇਵੀ ਨੇ ਵੀ ਅਹਿਮ ਭੂਮਿਕਾ ਨਿਭਾਈ। ਅਰਚਨਾ ਦੇਵੀ ਨੇ ਸਾਰੇ ਸੱਤ ਮੈਚਾਂ ਵਿੱਚ ਹਿੱਸਾ ਲਿਆ ਅਤੇ ਇਸ ਦੌਰਾਨ ਉਸ ਨੇ ਕੁੱਲ ਅੱਠ ਵਿਕਟਾਂ ਲਈਆਂ। ਅਰਚਨਾ ਦਾ ਕ੍ਰਿਕਟ ਸਫਰ ਆਸਾਨ ਨਹੀਂ ਰਿਹਾ। ਅਰਚਨਾ ਦੀ ਮਾਂ ਖੇਤਾਂ ਵਿੱਚ ਮਜ਼ਦੂਰ ਵਜੋਂ ਕੰਮ ਕਰਦੀ ਹੈ। ਦੱਸ ਦੇਈਏ ਅਰਚਨਾ ਦੇ ਭਰਾ ਅਤੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ।

10. ਪਾਸ਼ਵੀ ਚੋਪੜਾ- ਸੱਜੇ ਹੱਥ ਦੀ ਲੈੱਗ ਸਪਿਨਰ ਪਾਸ਼ਵੀ ਚੋਪੜਾ ਇਸ ਟੂਰਨਾਮੈਂਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਸੀ। ਪਾਸ਼ਵੀ ਨੇ 6 ਮੈਚਾਂ ‘ਚ ਸੱਤ ਦੀ ਔਸਤ ਨਾਲ 11 ਵਿਕਟਾਂ ਲਈਆਂ ਹਨ। ਪਾਸ਼ਵੀ ਪਹਿਲਾਂ ਸਕੇਟਿੰਗ ਕਰਨਾ ਚਾਹੁੰਦੀ ਸੀ ਪਰ ਪਿਤਾ ਦੇ ਕਹਿਣ ‘ਤੇ ਉਸ ਨੇ ਕ੍ਰਿਕਟਰ ਬਣਨ ਦਾ ਫੈਸਲਾ ਕੀਤਾ।

11. ਸੋਨਮ ਯਾਦਵ- ਫ਼ਿਰੋਜ਼ਾਬਾਦ ਦੀ ਰਹਿਣ ਵਾਲੀ ਸੋਨਮ ਯਾਦਵ ਦੇ ਪਿਤਾ ਇੱਕ ਮਜ਼ਦੂਰ ਹਨ। ਸੋਨਮ ਦੇ ਭਰਾ ਨੂੰ ਵੀ ਕ੍ਰਿਕਟ ‘ਚ ਦਿਲਚਸਪੀ ਸੀ, ਪਰ ਉਨ੍ਹਾਂ ਦਾ ਕਰੀਅਰ ਉਡਾਣ ਨਹੀਂ ਭਰ ਸਕਿਆ। ਸੋਨਮ, ਇੱਕ ਖੱਬੇ ਹੱਥ ਦੀ ਸਪਿਨਰ ਗੇਂਦਬਾਜ਼ ਹੈ ਜੋ ਆਪਣੀ ਰਫ਼ਤਾਰ ‘ਚ ਮਿਸ਼ਰਣ ਕਰ ਬੱਲੇਬਾਜ਼ਾਂ ਨੂੰ ਉਲਝਾਉਣ ਕਲਾ ਰੱਖਦੀ ਹੈ।

12. ਸੋਪਦੰਧੀ ਯਸ਼ਸ਼੍ਰੀ – ਹਰਲੇ ਗਾਲਾ ਦੇ ਜ਼ਖਮੀ ਹੋਣ ਤੋਂ ਬਾਅਦ ਸੋਪਦੰਧੀ ਯਸ਼ਸ਼੍ਰੀ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਯਸ਼ਸ਼੍ਰੀ ਨੇ ਇਸ ਟੂਰਨਾਮੈਂਟ ਵਿੱਚ ਸਿਰਫ਼ ਇੱਕ ਹੀ ਮੈਚ ਖੇਡਿਆ ਜੋ ਸਕਾਟਲੈਂਡ ਖ਼ਿਲਾਫ਼ ਸੀ। ਯਸ਼ਸ਼੍ਰੀ ਇੱਕ ਸੱਜੀ ਬਾਂਹ ਦੀ ਮੱਧਮ ਤੇਜ਼ ਗੇਂਦਬਾਜ਼ ਹੈ ਅਤੇ ਉਹ ਘਰੇਲੂ ਕ੍ਰਿਕਟ ਵਿੱਚ ਹੈਦਰਾਬਾਦ ਦੀ ਨੁਮਾਇੰਦਗੀ ਕਰਦੀ ਹੈ।

13. ਫਲਕ ਨਾਜ਼- ਤੇਜ਼ ਗੇਂਦਬਾਜ਼ ਫਲਕ ਨਾਜ਼ ਦਾ ਐਕਸ਼ਨ skiddy ਹੈ ਅਤੇ ਉਹ ਆਪਣੀ ਟੀਮ ਦੇ ਦੂਜੇ ਤੇਜ਼ ਗੇਂਦਬਾਜ਼ਾਂ ਜਿੰਨੀ ਲੰਬੀ ਵੀ ਨਹੀਂ ਹੈ। ਪਰ ਫਲਕ ਦੀ ਗੇਂਦਬਾਜ਼ੀ ਦੌਰਾਨ ਲੈਂਥ ਅਤੇ ਲਾਈਨ ਸਹੀ ਰਹਿੰਦੀ ਹੈ, ਜਿਸ ਕਾਰਨ ਉਹ ਵਿਕਟਾਂ ਲੈਣ ਵਿੱਚ ਕਾਮਯਾਬ ਰਹਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਫਲਕ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਖੇਡ ਸਕੀ। ਭਾਰਤ ਦੀ ਖਿਤਾਬੀ ਜਿੱਤ ਤੋਂ ਬਾਅਦ ਫਲਕ ਨਾਜ਼ ਦੇ ਜੱਦੀ ਸ਼ਹਿਰ ਪ੍ਰਯਾਗਰਾਜ ਵਿੱਚ ਜ਼ਬਰਦਸਤ ਜਸ਼ਨ ਮਨਾਇਆ ਗਿਆ।

14. ਸ਼ਬਨਮ MD- ਸੱਜੀ ਬਾਂਹ ਦੀ ਤੇਜ਼ ਗੇਂਦਬਾਜ਼ ਸ਼ਬਨਮ ਸ਼ਾਨਦਾਰ ਰਨਅਪ ਅਤੇ ਉੱਚ-ਆਰਮ ਐਕਸ਼ਨ ਨਾਲ ਗੇਂਦਬਾਜ਼ੀ ਕਰਦੀ ਹੈ। ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿੱਚ ਜਨਮੀ ਸ਼ਬਨਮ ਨਵੀਂ ਗੇਂਦ ਨਾਲ ਸ਼ੁਰੂ ਤੋਂ ਹੀ ਸਟੀਕ ਲੈਂਥ ਰੱਖਣ ਦੇ ਨਾਲ ਨਾਲ ਗੇਂਦ ਨੂੰ ਦੋਵੇਂ ਪਾਸੇ ਸਵਿੰਗ ਕਰਦੀ ਹੈ। ਸ਼ਬਨਮ ਨੂੰ ਇਸ ਟੂਰਨਾਮੈਂਟ ਵਿੱਚ ਸਿਰਫ਼ ਦੋ ਮੈਚ ਖੇਡਣ ਦਾ ਮੌਕਾ ਮਿਲਿਆ ਸੀ।

15. ਸੋਨੀਆ ਮੇਂਧਿਆ- ਹਰਿਆਣਾ ਲਈ ਘਰੇਲੂ ਕ੍ਰਿਕਟ ਖੇਡਣ ਵਾਲੀ ਸੋਨੀਆ ਮੇਂਧਿਆ ਇੱਕ ਆਫ ਸਪਿਨਰ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ। ਉਹ ਹੇਠਲੇ ਮੱਧ ਕ੍ਰਮ ਵਿੱਚ ਚੰਗੀ ਸਟ੍ਰਾਈਕ-ਰੇਟ ਨਾਲ ਬੱਲੇਬਾਜ਼ੀ ਕਰਦੀ ਹੈ ਅਤੇ ਆਪਣੀ ਗੇਂਦਬਾਜ਼ੀ ਨਾਲ ਮੱਧ ਓਵਰਾਂ ਵਿੱਚ ਰਨ-ਰੇਟ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ। ਸੋਨੀਆ ਨੇ ਟੀ-20 ਵਿਸ਼ਵ ਕੱਪ ਵਿੱਚ ਕੁੱਲ ਚਾਰ ਮੈਚ ਖੇਡੇ ਹਨ।

Leave a Reply

Your email address will not be published. Required fields are marked *