ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਵਿੱਚ ਐਤਵਾਰ ਨੂੰ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਟੀਮ ਇੰਡੀਆ ਪਿਛਲੇ ਕੁੱਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਲਈ ਉਹ ਵਿਸ਼ਵ ਕੱਪ ਵਿੱਚ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ। ਭਾਰਤ 2005 ਅਤੇ 2017 ਵਿੱਚ ਉਪ ਜੇਤੂ ਰਿਹਾ ਸੀ ਅਤੇ ਇਸ ਵਾਰ ਉਹ ਖਿਤਾਬ ਤੋਂ ਘੱਟ ਕੁੱਝ ਨਹੀਂ ਚਾਹੇਗਾ। ਖਾਸ ਕਰਕੇ ਜਦੋਂ ਇਸ ਦੀਆਂ ਦੋ ਸਟਾਰ ਖਿਡਾਰਨਾਂ ਕਪਤਾਨ ਮਿਤਾਲੀ ਰਾਜ ਅਤੇ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੀਆਂ ਹਨ।
ਹਾਲਾਂਕਿ ਭਾਰਤੀ ਬੱਲੇਬਾਜ਼ਾਂ ਨੇ ਹਾਲ ਹੀ ‘ਚ ਚੰਗਾ ਪ੍ਰਦਰਸ਼ਨ ਕੀਤਾ ਪਰ ਗੇਂਦਬਾਜ਼ ਉਮੀਦ ਮੁਤਾਬਿਕ ਖੇਡ ਨਹੀਂ ਦਿਖਾ ਸਕੇ। ਭਾਰਤੀ ਬੱਲੇਬਾਜ਼ਾਂ ਨੇ ਦੋ ਅਭਿਆਸ ਮੈਚਾਂ ਸਮੇਤ ਪਿਛਲੇ ਸੱਤ ਮੈਚਾਂ ਵਿੱਚ ਪੰਜ ਮੈਚਾਂ ਵਿੱਚ 250 ਤੋਂ ਵੱਧ ਸਕੋਰ ਬਣਾਏ ਹਨ ਜੋ ਟੀਮ ਲਈ ਚੰਗਾ ਸੰਕੇਤ ਹੈ। ਪਰ ਗੇਂਦਬਾਜ਼ ਕੰਮ ਨਹੀਂ ਕਰ ਸਕੇ ਜਿਸ ਕਾਰਨ ਭਾਰਤ ਨਿਊਜ਼ੀਲੈਂਡ ਤੋਂ ਸੀਰੀਜ਼ 1-4 ਨਾਲ ਹਾਰ ਗਿਆ। ਉਹ ਦੋ ਮੈਚਾਂ ਵਿੱਚ 270 ਦੌੜਾਂ ਤੋਂ ਵੱਧ ਦੇ ਸਕੋਰ ਦਾ ਬਚਾਅ ਨਹੀਂ ਕਰ ਸਕਿਆ। ਹਾਲਾਂਕਿ ਪੰਜਵੇਂ ਮੈਚ ‘ਚ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ, ਜਿਸ ਦੀ ਬਦੌਲਤ ਭਾਰਤ ਇਹ ਮੈਚ ਜਿੱਤਣ ‘ਚ ਕਾਮਯਾਬ ਰਿਹਾ। ਮਿਤਾਲੀ ਨੂੰ ਉਮੀਦ ਹੈ ਕਿ ਉਸ ਦੀ ਟੀਮ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ‘ਚ ਚੰਗਾ ਪ੍ਰਦਰਸ਼ਨ ਕਰੇਗੀ।
ਮਿਤਾਲੀ ਨੇ ਕਿਹਾ, ”ਅਸੀਂ ਪਿਛਲੇ ਮੈਚਾਂ ਤੋਂ ਆਤਮਵਿਸ਼ਵਾਸ ਹਾਸਿਲ ਕਰ ਸਕਦੇ ਹਾਂ। ਹਾਲਾਤ ਮੁਤਾਬਿਕ ਖੇਡਣਾ ਜ਼ਰੂਰੀ ਹੈ। ਤੇਜ਼ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਭਰੋਸੇਮੰਦ ਝੂਲਨ ਕਰੇਗੀ, ਜਿਸ ਨੇ ਹਮੇਸ਼ਾ ਵਾਂਗ ਆਪਣੇ ਵਿਕਟ ਲੈਣ ਦੇ ਹੁਨਰ ਦੀ ਵਧੀਆ ਮਿਸਾਲ ਦਿਖਾਈ ਹੈ ਪਰ ਮੇਘਨਾ ਸਿੰਘ, ਪੂਜਾ ਵਸਤਰਕਾਰ ਅਤੇ ਰੇਣੁਕਾ ਸਿੰਘ ਨੂੰ ਬਿਹਤਰ ਖੇਡ ਖੇਡਣ ਦੀ ਲੋੜ ਹੈ।