ਭਾਰਤੀ ਪੁਰਸ਼ ਟੀਮ ਭਾਵੇਂ ਹੀ ਨਿਊਜ਼ੀਲੈਂਡ ਤੋਂ ਟੈਸਟ ਸੀਰੀਜ਼ ਹਾਰ ਗਈ ਹੋਵੇ ਪਰ ਭਾਰਤੀ ਮਹਿਲਾ ਟੀਮ ਨੇ ਅਜਿਹਾ ਨਹੀਂ ਹੋਣ ਦਿੱਤਾ। ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਦੇ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਇਸ ਨਾਲ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ ‘ਚ 2-1 ਨਾਲ ਜਿੱਤ ਦਰਜ ਕੀਤੀ ਹੈ। ਇਸ ਮੈਚ ਦੀ ਸਟਾਰ ਟੀਮ ਦੀ ਉਪ ਕਪਤਾਨ ਅਤੇ ਅਨੁਭਵੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (100) ਸਾਬਿਤ ਹੋਈ, ਜਿਸ ਨੇ ਦੌੜਾਂ ਦਾ ਸੋਕਾ ਖ਼ਤਮ ਕੀਤਾ ਅਤੇ ਆਪਣੇ ਵਨਡੇ ਕਰੀਅਰ ਦਾ ਰਿਕਾਰਡ 8ਵਾਂ ਸੈਂਕੜਾ ਲਗਾਇਆ। ਕਪਤਾਨ ਹਰਮਨਪ੍ਰੀਤ ਕੌਰ (ਅਜੇਤੂ 59) ਨੇ ਵੀ ਸ਼ਾਨਦਾਰ ਅਰਧ ਸੈਂਕੜਾ ਜੜ ਕੇ ਟੀਮ ਨੂੰ ਜਿੱਤ ਵੱਲ ਤੋਰਿਆ।