ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜੇ ਤੋਂ ਬਾਅਦ ਭਾਰਤ ਨੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ‘ਤੇ ਇੰਗਲੈਂਡ ਨੂੰ ਪੰਜਵੇਂ ਟੈਸਟ ‘ਚ ਹਰਾ ਦਿੱਤਾ ਹੈ। ਭਾਰਤ ਨੇ ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੰਗਲੈਂਡ ਨੂੰ ਇੱਕ ਪਾਰੀ ਅਤੇ 64 ਦੌੜਾਂ ਨਾਲ ਹਰਾਇਆ ਹੈ। ਭਾਰਤ ਨੇ ਦੂਜੀ ਪਾਰੀ ‘ਚ ਇੰਗਲੈਂਡ ਨੂੰ 195 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਇਹ ਸੀਰੀਜ਼ 4-1 ਨਾਲ ਜਿੱਤ ਲਈ। ਧਰਮਸ਼ਾਲਾ ਟੈਸਟ ਇਸ ਸੀਰੀਜ਼ ਦਾ ਪਹਿਲਾ ਮੈਚ ਹੈ ਜੋ ਤਿੰਨ ਦਿਨਾਂ ‘ਚ ਖਤਮ ਹੋਇਆ। ਇਸ ਤੋਂ ਪਹਿਲਾਂ ਚਾਰੇ ਮੈਚ ਚੌਥੇ ਦਿਨ ਤੱਕ ਚਲੇ ਸਨ। ਟੀਮ ਇੰਡੀਆ ਦੀ ਇਹ ਜਿੱਤ ਕਾਫੀ ਇਤਿਹਾਸਕ ਹੈ ਕਿਉਂਕਿ ਟੈਸਟ ਕ੍ਰਿਕਟ ‘ਚ 112 ਸਾਲ ਬਾਅਦ ਕਿਸੇ ਟੀਮ ਨੇ ਪਹਿਲਾ ਟੈਸਟ ਮੈਚ ਹਾਰਨ ਤੋਂ ਬਾਅਦ ਪੰਜ ਮੈਚਾਂ ਦੀ ਟੈਸਟ ਸੀਰੀਜ਼ 4-1 ਨਾਲ ਜਿੱਤੀ ਹੈ।