ਭਾਰਤ ਨੇ ਵਨਡੇ ਸੀਰੀਜ਼ ਦੇ ਆਖਰੀ ਮੈਚ ਵਿੱਚ ਜ਼ਿੰਬਾਬਵੇ ਨੂੰ 13 ਦੌੜਾਂ ਨਾਲ ਹਰਾ ਦਿੱਤਾ ਹੈ । ਇਸ ਮੈਚ ‘ਚ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਨੇ ਤੀਜੇ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 289 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸ਼ੁਭਮਨ ਗਿੱਲ ਨੇ ਸੈਂਕੜਾ ਲਗਾਇਆ ਹੈ। ਜਵਾਬ ਵਿੱਚ ਜ਼ਿੰਬਾਬਵੇ ਦੀ ਟੀਮ 276 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜ਼ਿੰਬਾਬਵੇ ਲਈ ਸਿਕੰਦਰ ਰਜ਼ਾ ਨੇ ਸੈਂਕੜਾ ਲਗਾਇਆ।
ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਟੀਮ ਲਈ ਸਿਕੰਦਰ ਰਜ਼ਾ ਨੇ ਜ਼ਬਰਦਸਤ ਪਾਰੀ ਖੇਡੀ। ਰਜ਼ਾ ਨੇ ਸੈਂਕੜਾ ਲਗਾਇਆ। ਸਿਕੰਦਰ ਨੇ 95 ਗੇਂਦਾਂ ‘ਤੇ 115 ਦੌੜਾਂ ਬਣਾਈਆਂ। ਸੀਨ ਵਿਲੀਅਮਜ਼ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਕੁਲਦੀਪ ਯਾਦਵ ਨੇ ਚੰਗੀ ਗੇਂਦਬਾਜ਼ੀ ਕੀਤੀ। ਕੁਲਦੀਪ ਨੇ 10 ਓਵਰਾਂ ਵਿੱਚ 38 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਦੀਪਕ ਚਾਹਰ ਨੇ 10 ਓਵਰਾਂ ‘ਚ 75 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਅਕਸ਼ਰ ਪਟੇਲ ਨੇ ਬਹੁਤ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਉਸ ਨੇ 10 ਓਵਰਾਂ ਵਿੱਚ ਸਿਰਫ਼ 30 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਇੱਕ ਮੇਡਨ ਓਵਰ ਵੀ ਕੱਢਿਆ ਗਿਆ। ਅਵੇਸ਼ ਖਾਨ ਨੇ 9.3 ਓਵਰਾਂ ‘ਚ 66 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਬਣਾਈਆਂ। ਇਸ ਦੌਰਾਨ ਸ਼ੁਭਮਨ ਗਿੱਲ ਨੇ ਸੈਂਕੜਾ ਲਗਾਇਆ। ਉਸ ਨੇ 97 ਗੇਂਦਾਂ ਵਿੱਚ 130 ਦੌੜਾਂ ਬਣਾਈਆਂ। ਜਦਕਿ ਈਸ਼ਾਨ ਕਿਸ਼ਨ ਨੇ ਅਰਧ ਸੈਂਕੜਾ ਲਗਾਇਆ। ਈਸ਼ਾਨ ਨੇ 61 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਕੇਐਲ ਰਾਹੁਲ 30 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸੰਜੂ ਸੈਮਸਨ 15 ਦੌੜਾਂ ਤੋਂ ਬਾਅਦ ਆਊਟ ਹੋ ਗਏ।