ਭਾਰਤੀ ਕ੍ਰਿਕਟ ਟੀਮ ਨੇ ਸ਼੍ਰੀ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਦੂਜੇ ਵਨਡੇ ਮੈਚ ਵਿੱਚ ਸ਼੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ ਹੈ। ਦੀਪਕ ਚਾਹਰ (ਨਾਬਾਦ 69, 82 ਗੇਂਦਾਂ, 7 ਚੌਕੇ, 1 ਛੱਕਾ) ਅਤੇ ਭੁਵਨੇਸ਼ਵਰ ਕੁਮਾਰ (ਨਾਬਾਦ 19, 28 ਗੇਂਦਾਂ, 2 ਚੌਕੇ) ਨੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦੋਵਾਂ ਨੇ ਅੱਠਵੇਂ ਵਿਕਟ ਲਈ ਅਜੇਤੂ 84 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਹਾਰਿਆ ਹੋਇਆ ਮੈਚ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ ਭਾਰਤ ਨੂੰ 276 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਸੀ ਅਤੇ ਫਿਰ 193 ਦੌੜਾਂ ‘ਤੇ ਭਾਰਤ ਨੇ ਸੱਤ ਵਿਕਟਾਂ ਗਵਾ ਦਿੱਤੀਆਂ ਪਰ ਇਸ ਤੋਂ ਬਾਅਦ ਆਪਣਾ ਪਹਿਲਾ ਅਰਧ ਸੈਂਕੜਾ ਬਣਾਉਣ ਵਾਲੇ ਚਾਹਰ ਨੇ ਮੈਚ ਵਿੱਚ ਭੁਵਨੇਸ਼ਵਰ ਦੇ ਨਾਲ ਅੱਠਵੇਂ ਵਿਕਟ ਲਈ ਅਜੇਤੂ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਭਾਰਤ ਨੇ ਇਹ ਟੀਚਾ 49.1 ਓਵਰਾਂ ਵਿੱਚ ਸੱਤ ਵਿਕਟਾਂ ਗਵਾ ਕੇ ਹਾਸਿਲ ਕੀਤਾ।