ਏਸ਼ੀਆ ਕੱਪ-2023 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਸੁਪਰ-4 ਮੈਚ ਮੀਂਹ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਇਹ ਮੈਚ ਐਤਵਾਰ 10 ਸਤੰਬਰ ਨੂੰ ਪੂਰਾ ਨਹੀਂ ਹੋ ਸਕਿਆ ਅਤੇ ਹੁਣ ਇਹ ਰਿਜ਼ਰਵ ਦਿਨ ਯਾਨੀ ਸੋਮਵਾਰ 11 ਸਤੰਬਰ ਨੂੰ ਪੂਰਾ ਹੋਵੇਗਾ। ਇਸ ਮੈਚ ‘ਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ ਅਤੇ ਪਾਰੀ ਦੇ 25ਵੇਂ ਓਵਰ ‘ਚ ਭਾਰੀ ਮੀਂਹ ਪੈ ਗਿਆ, ਜਿਸ ਕਾਰਨ ਮੈਚ ਨੂੰ ਰੋਕਣਾ ਪਿਆ ਅਤੇ ਫਿਰ ਤੋਂ ਸ਼ੁਰੂ ਨਹੀਂ ਹੋ ਸਕਿਆ। ਹੁਣ ਸੋਮਵਾਰ ਨੂੰ ਭਾਰਤੀ ਪਾਰੀ 25ਵੇਂ ਓਵਰ ਤੋਂ ਫਿਰ ਤੋਂ ਸ਼ੁਰੂ ਹੋਵੇਗੀ। ਭਾਰਤ ਨੇ 2 ਵਿਕਟਾਂ ਗੁਆ ਕੇ 147 ਦੌੜਾਂ ਬਣਾਈਆਂ ਸਨ।
ਕੋਲੰਬੋ ‘ਚ ਪਹਿਲਾਂ ਹੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਅਤੇ ਅਜਿਹੇ ‘ਚ ਟੂਰਨਾਮੈਂਟ ‘ਚ ਦੂਜੀ ਵਾਰ ਭਾਰਤ-ਪਾਕਿਸਤਾਨ ਮੈਚ ਦੇ ਰੱਦ ਹੋਣ ਦਾ ਖਤਰਾ ਮੰਡਰਾ ਰਿਹਾ ਸੀ। ਇਸ ਖਦਸ਼ੇ ਕਾਰਨ ਏਸ਼ੀਅਨ ਕ੍ਰਿਕਟ ਕੌਂਸਲ ਨੇ ਅਜੀਬ ਫੈਸਲਾ ਲੈਂਦਿਆਂ ਸੁਪਰ-4 ਦੌਰ ਦੇ ਇਸ ਮੈਚ ਲਈ ਸਿਰਫ ਰਿਜ਼ਰਵ ਡੇਅ ਰੱਖਣ ਦਾ ਫੈਸਲਾ ਕੀਤਾ ਹੈ। ਆਖਰਕਾਰ ਇਹ ਡਰ ਸੱਚ ਸਾਬਤ ਹੋਇਆ ਅਤੇ ਮੈਚ ਹੁਣ ਰਿਜ਼ਰਵ ਡੇ ‘ਤੇ ਪੂਰਾ ਹੋਵੇਗਾ।