ਪਾਕਿਸਤਾਨ ਨੂੰ ਵੀਰਵਾਰ ਨੂੰ ਪਰਥ ‘ਚ ਜ਼ਿੰਬਾਬਵੇ ਖਿਲਾਫ ਖੇਡੇ ਗਏ ਮੈਚ ‘ਚ ਆਖਰੀ ਗੇਂਦ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਸਾਬਕਾ ਕ੍ਰਿਕਟਰ ਅਤੇ ਪ੍ਰਸ਼ੰਸਕ ਪਾਕਿਸਤਾਨ ਟੀਮ ਦੀ ਕਾਫੀ ਆਲੋਚਨਾ ਕਰ ਰਹੇ ਹਨ। ਵਸੀਮ ਅਕਰਮ, ਸ਼ੋਏਬ ਮਲਿਕ, ਵਕਾਰ ਯੂਨਿਸ ਅਤੇ ਮਿਸਬਾਹ-ਉਲ-ਹੱਕ ਵਰਗੇ ਸਾਬਕਾ ਖਿਡਾਰੀਆਂ ਨੇ ਪਾਕਿਸਤਾਨੀ ਟੀਮ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਵੀ ਬਾਬਰ ਆਜ਼ਮ ਦੀ ਟੀਮ ‘ਤੇ ਤਿੱਖੇ ਹਮਲੇ ਕੀਤੇ ਪਰ ਉਨ੍ਹਾਂ ਨੇ ਟੀਮ ਇੰਡੀਆ ‘ਤੇ ਵੀ ਅਜਿਹੀ ਭਵਿੱਖਬਾਣੀ ਕੀਤੀ, ਜਿਸ ਤੋਂ ਬਾਅਦ ਰਾਵਲਪਿੰਡੀ ਐਕਸਪ੍ਰੈੱਸ ‘ਤੇ ਪ੍ਰਸ਼ੰਸਕ ਗੁੱਸੇ ‘ਚ ਆ ਗਏ।
ਸ਼ੋਏਬ ਅਖਤਰ ਨੇ ਕਿਹਾ ਕਿ ਸੁਪਰ-12 ਰਾਊਂਡ ਤੋਂ ਬਾਅਦ ਪਾਕਿਸਤਾਨ ਦੀ ਟੀਮ ਆਸਟ੍ਰੇਲੀਆ ਤੋਂ ਪਰਤੇਗੀ ‘ਤੇ ਭਾਰਤੀ ਟੀਮ ਦਾ ਸਫਰ ਵੀ ਸੈਮੀਫਾਈਨਲ ‘ਚ ਹੀ ਖਤਮ ਹੋ ਜਾਵੇਗਾ। ਟੀਮ ਇੰਡੀਆ ਸੈਮੀਫਾਈਨਲ ਹਾਰਨ ਤੋਂ ਬਾਅਦ ਘਰ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਬਾਬਰ ਆਜ਼ਮ ਦੀ ਟੀਮ ਇਸ ਹਫਤੇ ਪਾਕਿਸਤਾਨ ਪਰਤੇਗੀ, ਜਦਕਿ ਭਾਰਤੀ ਟੀਮ ਅਗਲੇ ਹਫਤੇ ਆਸਟ੍ਰੇਲੀਆ ਤੋਂ ਰਵਾਨਾ ਹੋਵੇਗੀ। ਅਖਤਰ ਨੇ ਅੱਗੇ ਕਿਹਾ ਕਿ ਭਾਰਤੀ ਟੀਮ ਕੋਈ ਤੀਸ ਮਾਰ ਖਾਨ ਨਹੀਂ ਹੈ, ਪਰ ਸਾਡੀ ਟੀਮ ਬਹੁਤ ਖਰਾਬ ਹੈ। ਪਾਕਿਸਤਾਨ ਟੀਮ ‘ਤੇ ਨਿਸ਼ਾਨਾ ਸਾਧਦੇ ਹੋਏ ਸ਼ੋਏਬ ਅਖਤਰ ਨੇ ਅੱਗੇ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਦੀ ਕ੍ਰਿਕਟ ਖੇਡਣਾ ਚਾਹੁੰਦੇ ਹੋ? ਤੁਸੀਂ ਜ਼ਿੰਬਾਬਵੇ ਵਰਗੀ ਟੀਮ ਤੋਂ ਹਾਰਦੇ ਹੋ। ਪਾਕਿਸਤਾਨੀ ਟੀਮ ਪ੍ਰਬੰਧਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ‘ਚ ਦਿਮਾਗ ਦੀ ਕਮੀ ਹੈ।
ਸ਼ੋਏਬ ਅਖਤਰ ਨੇ ਕਿਹਾ ਕਿ ਪਾਕਿਸਤਾਨੀ ਟੀਮ 4 ਗੇਂਦਬਾਜ਼ਾਂ ਨਾਲ ਖੇਡ ਰਹੀ ਹੈ, ਜਿਸ ‘ਚ 3 ਸਪਿਨਰ ਹਨ। ਇਸ ਟੀਮ ਵਿੱਚ ਮੱਧਕ੍ਰਮ ਦੇ ਚੰਗੇ ਖਿਡਾਰੀ ਦਾ ਹੋਣਾ ਜ਼ਰੂਰੀ ਸੀ। ਤੁਸੀਂ ਕਿਸ ਕਿਸਮ ਦੀ ਟੀਮ ਚੁਣ ਰਹੇ ਹੋ? ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਟੀਮ ਨੇ ਫਖਰ ਜ਼ਮਾਨ ਨੂੰ ਬਾਹਰ ਕਰ ਕੇ ਸ਼ਾਨ ਮਸੂਦ ਨੂੰ ਪਲੇਇੰਗ ਇਲੈਵਨ ‘ਚ ਸ਼ਾਮਿਲ ਕੀਤਾ ਸੀ ਪਰ ਇਹ ਪਾਕਿਸਤਾਨੀ ਟੀਮ ਦਾ ਬਹੁਤ ਗਲਤ ਫੈਸਲਾ ਸੀ। ਅਖਤਰ ਨੇ ਅੱਗੇ ਕਿਹਾ ਕਿ ਮੈਂ ਲਗਾਤਾਰ ਦੁਹਰਾ ਰਿਹਾ ਹਾਂ ਕਿ ਓਪਨਰ ਤੋਂ ਇਲਾਵਾ ਮਿਡਲ ਆਰਡਰ ਬਹੁਤ ਖਰਾਬ ਹੈ। ਤੁਸੀਂ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਵਿੱਚ ਅਜਿਹੀ ਟੀਮ ਨਾਲ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੇ।
ਪਾਕਿਸਤਾਨ ਦੀ ਹਾਰ ਤੋਂ ਨਿਰਾਸ਼ ਸ਼ੋਏਬ ਅਖਤਰ ਨੇ ਕਿਹਾ ਮੈ ਹੁਣ ਕੀ ਕਹਾਂ? ਪਾਕਿਸਤਾਨ ਦੀ ਟੀਮ ਸਿਰਫ਼ 2 ਮੈਚਾਂ ਦੇ ਬਾਅਦ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਪਾਕਿਸਤਾਨੀ ਟੀਮ ਦੇ ਕਪਤਾਨ ਦੀ ਹਾਲਤ ਠੀਕ ਨਹੀਂ ਹੈ। ਪਾਕਿਸਤਾਨੀ ਕਪਤਾਨ ਲਗਾਤਾਰ ਖਰਾਬ ਪ੍ਰਦਰਸ਼ਨ ਕਰ ਰਿਹਾ ਹੈ ਪਰ ਉਹ ਲੋਕਾਂ ਦੀ ਸਲਾਹ ਸੁਣਨ ਨੂੰ ਤਿਆਰ ਨਹੀਂ ਹੈ। ਸ਼ੋਏਬ ਅਖਤਰ ਨੇ ਬਾਬਰ ਆਜ਼ਮ ਦੀ ਖਰਾਬ ਕਪਤਾਨੀ ਤੋਂ ਇਲਾਵਾ ਸ਼ਾਹੀਨ ਅਫਰੀਦੀ ਦੀ ਫਿਟਨੈੱਸ ‘ਤੇ ਸਵਾਲ ਚੁੱਕੇ ਹਨ।