ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਦੇਰ ਰਾਤ ਸ਼੍ਰੀਲੰਕਾ ਖਿਲਾਫ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨਡੇ ਅਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਵਨਡੇ ਟੀਮ ਦੀ ਕਮਾਨ ਰੋਹਿਤ ਦੇ ਹੱਥਾਂ ‘ਚ ਹੈ ਪਰ ਹਾਰਦਿਕ ਪਾਂਡਿਆ ਨੂੰ ਟੀ-20 ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਬੀਸੀਸੀਆਈ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਅਤੇ ਸੂਰਿਆਕੁਮਾਰ ਯਾਦਵ ਨੂੰ ਟੀ-20 ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਟੀ-20 ਟੀਮ ‘ਚ ਨਹੀਂ ਹਨ ਜਦਕਿ ਤਿੰਨਾਂ ਨੂੰ ਵਨਡੇ ਟੀਮ ‘ਚ ਚੁਣਿਆ ਗਿਆ ਹੈ।
ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਕਈ ਮੀਡੀਆ ਰਿਪੋਰਟਾਂ ‘ਚ ਇਹ ਖਬਰ ਆਈ ਸੀ ਕਿ ਬੀਸੀਸੀਆਈ ਹੁਣ ਵਨਡੇ ਅਤੇ ਟੀ-20 ‘ਚ ਵੱਖ-ਵੱਖ ਕਪਤਾਨਾਂ ‘ਤੇ ਵਿਚਾਰ ਕਰ ਰਿਹਾ ਹੈ ਅਤੇ ਸੀਨੀਅਰ ਖਿਡਾਰੀਆਂ ਨੂੰ ਟੀ-20 ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਸੱਟ ਕਾਰਨ ਰੋਹਿਤ ਬੰਗਲਾਦੇਸ਼ ਵਿੱਚ ਨਹੀਂ ਖੇਡਿਆ ਸੀ। ਰੋਹਿਤ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ‘ਚ ਨਹੀਂ ਸਗੋਂ ਵਨਡੇ ਸੀਰੀਜ਼ ‘ਚ ਹੈ। ਕੇਐੱਲ ਰਾਹੁਲ ਵੀ ਟੀ-20 ਸੀਰੀਜ਼ ‘ਚ ਨਹੀਂ ਹਨ। ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਕਿ ਕੋਹਲੀ ਨੇ ਆਰਾਮ ਕਰਨ ਲਈ ਕਿਹਾ ਹੈ। ਟੀਮ ਚੋਣ ਨੂੰ ਲੈ ਕੇ ਬੀਸੀਸੀਆਈ ਵੱਲੋਂ ਜਾਰੀ ਬਿਆਨ ਵਿੱਚ ਟੀ-20 ਵਿੱਚ ਇਨ੍ਹਾਂ ਤਿੰਨਾਂ ਦੀ ਗੈਰਹਾਜ਼ਰੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
ਇਸ ਦੇ ਨਾਲ ਹੀ ਸੀਮਤ ਓਵਰਾਂ ‘ਚ ਲਗਾਤਾਰ ਅਸਫਲ ਹੋ ਰਹੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀ-20 ਅਤੇ ਵਨਡੇ ਦੋਵਾਂ ਟੀਮਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇੱਕ ਸਮੇਂ ਪੰਤ ਕੋਲ ਟੀਮ ਦੀ ਕਪਤਾਨੀ ਅਤੇ ਉਪ ਕਪਤਾਨੀ ਦੋਵੇਂ ਸਨ। ਪਰ ਟੀ-20 ‘ਚ ਉਨ੍ਹਾਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਉਪ-ਕਪਤਾਨ ਅਤੇ ਪਾਂਡਿਆ ਨੂੰ ਵਨਡੇ ‘ਚ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਪੰਤ ਨੂੰ ਲਗਾਤਾਰ ਅਸਫਲਤਾ ਦੀ ਸਜ਼ਾ ਦਿੱਤੀ ਗਈ ਹੈ।
ਦੋਵੇਂ ਟੀਮਾਂ
ਟੀ-20 ਟੀਮ- ਹਾਰਦਿਕ ਪਾਂਡਿਆ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਰਿਤੂਰਾਜ ਗਾਇਕਵਾੜ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਉਪ-ਕਪਤਾਨ), ਦੀਪਕ ਹੁੱਡਾ, ਰਾਹੁਲ ਤ੍ਰਿਪਾਠੀ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜ਼ਵੇਂਦਰ ਚਾਹਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਉਮਰਾਨ ਮਲਿਕ, ਸ਼ਿਵਮ ਮਾਵੀ, ਮੁਕੇਸ਼ ਕੁਮਾਰ
ਵਨਡੇ ਟੀਮ – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ (ਉਪ-ਕਪਤਾਨ), ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਉਮਰਾਨ ਮਲਿਕ, ਅਰਸ਼ਦੀਪ ਸਿੰਘ।