ਨਿਊਜ਼ੀਲੈਂਡ ਪੁਰਸ਼ ਹਾਕੀ ਟੀਮ ਦੀ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਖਰਾਬ ਰਹੀ ਹੈ। ਟੀਮ ਇੰਡੀਆ ਨੇ ਸ਼ਨੀਵਾਰ ਨੂੰ ਗਰੁੱਪ-ਏ ਦੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਹੈ। ਹਾਲਾਂਕਿ ਨਿਊਜ਼ੀਲੈਂਡ ਟੀਮ ਨੇ ਸਖਤ ਟੱਕਰ ਦਿੰਦਿਆਂ ਮੈਚ ਨੂੰ ਰੋਮਾਂਚਿਕ ਬਣਾ ਕੇ ਰੱਖਿਆ ਪਰ ਅੰਤ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਦੀ ਇਸ ਜਿੱਤ ਦਾ ਨਾਇਕ ਹਰਮਨਪ੍ਰੀਤ ਸਿੰਘ ਸੀ, ਜਿਸਨੇ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਲਈ ਹਰਮਨਪ੍ਰੀਤ (26 ਵੇਂ ਅਤੇ 33 ਵੇਂ ਮਿੰਟ) ਤੋਂ ਇਲਾਵਾ ਰੁਪਿੰਦਰ ਪਾਲ ਸਿੰਘ (10 ਵੇਂ ਮਿੰਟ) ਨੇ ਗੋਲ ਕੀਤਾ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਕੇਨ ਰਸਲ (6 ਵੇਂ) ਅਤੇ ਸਟੀਫਨ ਜੇਨਸ (43 ਵੇਂ ਮਿੰਟ) ਨੇ ਗੋਲ ਕੀਤਾ। ਹਾਲਾਂਕਿ ਨਿਊਜ਼ੀਲੈਂਡ ਲਈ ਮੈਚ ਦੀ ਸ਼ੁਰੂਆਤ ਸ਼ਾਨਦਾਰ ਰਹੀ ਸੀ, ਜਦੋਂ ਕੇਨ ਰਸਲ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਮੈਚ ਦੇ ਦਸਵੇਂ ਮਿੰਟ ਵਿੱਚ ਰੁਪਿੰਦਰ ਪਾਲ ਨੇ ਪੈਨਲਟੀ ਸਟਰੋਕ ‘ਤੇ ਗੋਲ ਕਰਕੇ 1-1 ਦੀ ਬਰਾਬਰੀ ਕਰਵਾ ਦਿੱਤੀ। ਗੋਲ ਤੋਂ ਬਾਅਦ, ਕੀਵੀ ਟੀਮ ਨੇ ਹਮਲਾਵਰ ਖੇਡ ਦਿਖਾਈ ਅਤੇ ਲਗਾਤਾਰ ਚਾਰ ਪੈਨਲਟੀ ਕਾਰਨਰ ਹਾਸਿਲ ਕੀਤੇ, ਪਰ ਇਹ ਭਾਰਤੀ ਡਿਫੈਂਸ ਅੱਗੇ ਨਾਕਾਮਯਾਬ ਰਹੇ।
ਆਖਰੀ ਕੁਆਰਟਰ ਵਿੱਚ,ਨਿਊਜ਼ੀਲੈਂਡ ਨੇ ਬਰਾਬਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਅੱਗੇ ਅਸਫਲ ਰਹੇ। ਮੈਚ ਖ਼ਤਮ ਹੋਣ ਤੋਂ ਕੁੱਝ ਸਕਿੰਟ ਪਹਿਲਾਂ, ਨਿਊਜ਼ੀਲੈਂਡ ਕੋਲ ਪੈਨਲਟੀ ਕਾਰਨਰ ‘ਤੇ ਗੋਲ ਕਰਨ ਦਾ ਸੁਨਹਿਰੀ ਮੌਕਾ ਸੀ। ਪਰ ਇਸ ਮੌਕੇ ਨੂੰ ਭਾਰਤੀ ਡਿਫੈਂਡਰਾਂ ਨੇ ਨਾਕਾਮ ਕਰ ਦਿੱਤਾ ਅਤੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ।