ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਟੀਮ ਦਾ ਜੇਤੂ ਰੱਥ ਜਾਰੀ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਆਈਸੀਸੀ ਚੈਂਪੀਅਨਸ ਟਰਾਫੀ 2025 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਚੈਂਪੀਅਨਸ ਟਰਾਫੀ 2025 ਦਾ ਪਹਿਲਾ ਸੈਮੀਫਾਈਨਲ ਮੈਚ ਮੰਗਲਵਾਰ (4 ਮਾਰਚ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਟੀਮ ਇੰਡੀਆ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਦੇ ਹੀਰੋ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਵਿਰਾਟ ਕੋਹਲੀ ਰਹੇ। ਇਸ ਜਿੱਤ ਨਾਲ ਰੋਹਿਤ ਬ੍ਰਿਗੇਡ ਨੇ ਚੈਂਪੀਅਨਸ ਟਰਾਫੀ 2025 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਜਿੱਥੇ ਇਸ ਦਾ ਮੁਕਾਬਲਾ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ 5 ਮਾਰਚ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਫਾਈਨਲ ਮੈਚ 9 ਮਾਰਚ ਨੂੰ ਦੁਬਈ ਵਿੱਚ ਹੋਵੇਗਾ।
ਸੋਲਾਂ ਮਹੀਨੇ ਪਹਿਲਾਂ ਵਨਡੇ ਵਿਸ਼ਵ ਕੱਪ ਦੇ ਫਾਈਨਲ ਅਤੇ ਚੌਦਾਂ ਸਾਲਾਂ ਤੋਂ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ਵਿੱਚ ਮਿਲੀ ਹਾਰ ਦਾ ਬਦਲਾ ਲੈਂਦਿਆਂ ਮੰਗਲਵਾਰ ਨੂੰ ਭਾਰਤ ਨੇ ਆਸਟਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਇੱਕ ਵਾਰ ਫਿਰ ਵਿਰਾਟ ਕੋਹਲੀ ਜਿੱਤ ਦੇ ਹੀਰੋ ਬਣੇ।