ਏਸ਼ੀਆ ਕੱਪ 2023 ਦੇ ਫਾਈਨਲ ‘ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਦੁਨੀਆ ਦੇਖਦੀ ਰਹਿ ਗਈ। ਕੋਲੰਬੋ ‘ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਸਿਰਫ 15.2 ਓਵਰਾਂ ‘ਚ 50 ਦੌੜਾਂ ‘ਤੇ ਆਊਟ ਕਰ ਦਿੱਤਾ। ਸ਼੍ਰੀਲੰਕਾ ਦਾ ਲੱਕ ਮੁਹੰਮਦ ਸਿਰਾਜ ਨੇ ਤੋੜ ਦਿੱਤਾ ਸੀ ਸ਼ਿਰਾਜ ਨੇ ਸਿਰਫ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਸ਼ਿਰਾਜ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ 3 ਅਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਲਈ। ਭਾਰਤੀ ਗੇਂਦਬਾਜ਼ਾਂ ਦਾ ਅਜਿਹਾ ਕਹਿਰ ਸੀ ਕਿ ਸ਼੍ਰੀਲੰਕਾ ਦੀ ਅੱਧੀ ਟੀਮ ਖਾਤਾ ਵੀ ਨਹੀਂ ਖੋਲ੍ਹ ਸਕੀ। ਸ਼੍ਰੀਲੰਕਾ ਦੇ ਪੰਜ ਬੱਲੇਬਾਜ਼ ਜ਼ੀਰੋ ‘ਤੇ ਆਊਟ ਹੋਏ।
ਸ੍ਰੀਲੰਕਾ ਦੇ ਸਿਰਫ਼ ਦੋ ਬੱਲੇਬਾਜ਼ ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਕੁਸਲ ਮੈਂਡਿਸ ਨੇ ਸਭ ਤੋਂ ਵੱਧ 17 ਦੌੜਾਂ ਬਣਾਈਆਂ। ਜਦਕਿ ਦੁਸ਼ਨ ਹੇਮੰਤਾ ਨੇ 13 ਦੌੜਾਂ ਦਾ ਯੋਗਦਾਨ ਪਾਇਆ। ਕੁੱਲ ਮਿਲਾ ਕੇ ਸ਼੍ਰੀਲੰਕਾ ਦੀ ਟੀਮ ਮੁਹੰਮਦ ਸਿਰਾਜ ਦੇ ਅੱਗੇ ਝੁਕਦੀ ਨਜ਼ਰ ਆ ਰਹੀ ਸੀ।ਵੱਡੀ ਗੱਲ ਇਹ ਹੈ ਕਿ ਸ਼੍ਰੀਲੰਕਾ ਦੀਆਂ ਸਾਰੀਆਂ 10 ਵਿਕਟਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਲਈਆਂ।
ਪਹਿਲਾਂ ਖੇਡਦਿਆਂ ਸ਼੍ਰੀਲੰਕਾ ਨੇ ਫਾਈਨਲ ਮੈਚ ਵਿੱਚ ਟੀਮ ਇੰਡੀਆ ਨੂੰ ਸਿਰਫ਼ 51 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਇਸ ਮਾਮੂਲੀ ਟੀਚੇ ਨੂੰ ਬਿਨਾਂ ਕੋਈ ਵਿਕਟ ਗਵਾਏ ਸਿਰਫ਼ 37 ਗੇਂਦਾਂ ਵਿੱਚ ਹਾਸਿਲ ਕਰ ਲਿਆ। ਸ਼ੁਭਮਨ ਗਿੱਲ 19 ਗੇਂਦਾਂ ਵਿੱਚ 27 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਈਸ਼ਾਨ ਕਿਸ਼ਨ 18 ਗੇਂਦਾਂ ਵਿੱਚ 23 ਦੌੜਾਂ ਬਣਾ ਕੇ ਨਾਬਾਦ ਪਰਤੇ। ਗਿੱਲ ਨੇ 6 ਚੌਕੇ ਜਦਕਿ ਈਸ਼ਾਨ ਨੇ ਤਿੰਨ ਚੌਕੇ ਲਾਏ।