ਭਾਰਤ ਨੇ ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਵਿਰਾਟ ਕੋਹਲੀ ਦੇ ਛੇਤੀ ਆਊਟ ਹੋਣ ਤੋਂ ਬਾਅਦ ਟੀਮ ਇੰਡੀਆ ਨੇ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਟੀ-20 ਵਿਸ਼ਵ ਕੱਪ 2024 ‘ਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰੋਹਿਤ ਸ਼ਰਮਾ ਨੇ ਇਸ ਮੈਚ ‘ਚ 37 ਗੇਂਦਾਂ ‘ਚ 52 ਦੌੜਾਂ ਦੀ ਪਾਰੀ ਖੇਡੀ ਪਰ ਮੋਢੇ ‘ਚ ਦਰਦ ਕਾਰਨ ਉਹ ਬਿਨਾਂ ਆਊਟ ਹੋਏ ਹੀ ਮੈਦਾਨ ਛੱਡ ਕੇ ਚਲੇ ਗਏ। ਆਇਰਲੈਂਡ ਦੀ ਟੀਮ ਪਹਿਲਾਂ ਖੇਡਦੇ ਹੋਏ 96 ਦੌੜਾਂ ਦੇ ਸਕੋਰ ਤੱਕ ਸੀਮਤ ਰਹੀ, ਜਿਸ ਲਈ ਗੈਰੇਥ ਡੇਲਾਨੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਡੇਲਾਨੇ ਨੇ 14 ਗੇਂਦਾਂ ਵਿੱਚ 26 ਦੌੜਾਂ ਦੀ ਪਾਰੀ ਖੇਡੀ। ਜਦੋਂ ਭਾਰਤੀ ਟੀਮ ਟੀਚੇ ਦਾ ਪਿੱਛਾ ਕਰਨ ਉਤਰੀ ਤਾਂ ਉਸ ਨੇ 46 ਗੇਂਦਾਂ ਬਾਕੀ ਰਹਿੰਦਿਆਂ ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
