ਭਾਰਤੀ ਪੁਰਸ਼ ਫੁੱਟਬਾਲ ਟੀਮ ਨੂੰ ਏਸ਼ੀਆਈ ਖੇਡਾਂ 2023 ‘ਚ ਪਹਿਲੀ ਸਫਲਤਾ ਮਿਲ ਗਈ ਹੈ। ਚੀਨ ਖ਼ਿਲਾਫ਼ ਆਪਣੇ ਪਹਿਲੇ ਮੈਚ ਵਿੱਚ ਮਿਲੀ ਕਰਾਰੀ ਹਾਰ ਤੋਂ ਉਭਰਦੇ ਹੋਏ ਟੀਮ ਇੰਡੀਆ ਨੇ ਗਰੁੱਪ ਗੇੜ ਦੇ ਆਪਣੇ ਦੂਜੇ ਮੈਚ ਵਿੱਚ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ ਹੈ। ਟੀਮ ਇੰਡੀਆ ਨੂੰ ਇਹ ਮੈਚ ਜਿੱਤਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ ਪਰ ਆਖਰੀ ਮਿੰਟਾਂ ‘ਚ ਮਿਲੀ ਪੈਨਲਟੀ ‘ਤੇ ਕਪਤਾਨ ਸੁਨੀਲ ਛੇਤਰੀ ਨੇ ਬਿਨਾਂ ਕੋਈ ਗਲਤੀ ਕੀਤੇ ਟੀਮ ਨੂੰ ਬੜ੍ਹਤ ਦਿਵਾਈ, ਜੋ ਫੈਸਲਾਕੁੰਨ ਸਾਬਿਤ ਹੋਈ। ਇਸ ਨਾਲ ਟੀਮ ਇੰਡੀਆ ਨੇ 3 ਅੰਕਾਂ ਨਾਲ ਗਰੁੱਪ ਬੀ ‘ਚ ਆਪਣਾ ਖਾਤਾ ਖੋਲ੍ਹ ਲਿਆ ਹੈ। ਭਾਰਤ ਦਾ ਅਗਲਾ ਮੁਕਾਬਲਾ ਤਾਇਵਾਨ ਨਾਲ ਹੈ।
ਇਹ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਵੀਰਵਾਰ 21 ਸਤੰਬਰ ਨੂੰ ਹਾਂਗਜ਼ੂ ਦੇ XSC ਸਟੇਡੀਅਮ ‘ਚ ਖੇਡਿਆ ਗਿਆ ਹੈ, ਜਿੱਥੇ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਗੋਲ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ। ਪਹਿਲੇ ਹਾਫ ਵਿੱਚ ਕਈ ਮੌਕੇ ਬਣਾਏ ਜਾਣ ਦੇ ਬਾਵਜੂਦ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਅਤੇ ਮੈਚ 0-0 ਨਾਲ ਬਰਾਬਰੀ ਦੇ ਨਾਲ ਅਗਲੇ ਹਾਫ ਵਿੱਚ ਦਾਖਲ ਹੋ ਗਿਆ।