ਭਾਰਤੀ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੈਸਟ ਮੈਚ ਵਿੱਚ ਵਿਸ਼ਵ ਦੀ ਨੰਬਰ ਇੱਕ ਟੀਮ ਆਸਟ੍ਰੇਲੀਆ ਨੂੰ 4-3 ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲੇ ਦੋ ਮੈਚਾਂ ਵਿੱਚ ਵੀ ਚੰਗੀ ਟੱਕਰ ਦਿੱਤੀ ਸੀ। ਸ਼ੁਰੂਆਤੀ ਦੋਵੇਂ ਮੈਚ ਜਿੱਤਣ ‘ਚ ਨਾਕਾਮ ਰਹੇ ਭਾਰਤ ਨੇ ਇਸ ਅਣਕਿਆਸੀ ਸਫਲਤਾ ਨਾਲ ਸੀਰੀਜ਼ ਜਿੱਤਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਟੀਮ ਲਈ ਕਪਤਾਨ ਹਰਮਨਪ੍ਰੀਤ ਸਿੰਘ (12ਵੇਂ ਮਿੰਟ), ਅਭਿਸ਼ੇਕ (47ਵੇਂ ਮਿੰਟ), ਸ਼ਮਸ਼ੇਰ ਸਿੰਘ (57ਵੇਂ ਮਿੰਟ) ਅਤੇ ਅਕਾਸ਼ਦੀਪ ਸਿੰਘ (60ਵੇਂ ਮਿੰਟ) ਨੇ ਗੋਲ ਕੀਤੇ।
ਆਸਟ੍ਰੇਲੀਆ ਲਈ ਜੈਕ ਵੇਲਚ (25ਵੇਂ), ਕਪਤਾਨ ਏਰਨ ਜ਼ਾਲੇਵਸਕੀ (32ਵੇਂ) ਅਤੇ ਨਾਥਨ ਇਫਰਾਮਸ (59ਵੇਂ) ਨੇ ਗੋਲ ਕੀਤੇ। ਇਸ ਜਿੱਤ ਤੋਂ ਬਾਅਦ ਭਾਰਤ ਸੀਰੀਜ਼ ‘ਚ 1-2 ਨਾਲ ਪਿੱਛੇ ਹੈ। ਮਹਿਮਾਨ ਟੀਮ ਨੂੰ ਪਹਿਲੇ ਦੋ ਟੈਸਟ ਮੈਚਾਂ ਵਿੱਚ 4-5 ਅਤੇ 4-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਟੈਸਟ ‘ਚ ਆਖਰੀ ਮਿੰਟ ‘ਚ ਗੋਲ ਗੁਆਉਣ ਕਾਰਨ ਭਾਰਤ 4-5 ਨਾਲ ਹਾਰ ਗਿਆ ਸੀ। ਸੀਰੀਜ਼ ਦਾ ਚੌਥਾ ਮੈਚ ਸ਼ਨੀਵਾਰ ਅਤੇ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।
ਦੋਵਾਂ ਟੀਮਾਂ ਲਈ ਇਹ ਲੜੀ 13 ਜਨਵਰੀ ਤੋਂ ਭੁਵਨੇਸ਼ਵਰ ਅਤੇ ਰੁੜਕੇਲਾ ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਹੈ। ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਆਸਟਰੇਲੀਆ ਤੋਂ ਸੱਤ ਗੋਲਾਂ ਦੀ ਹਾਰ ਤੋਂ ਬਾਅਦ ਭਾਰਤ ਦੀ ਇਹ ਪਹਿਲੀ ਜਿੱਤ ਹੈ।