ਹਰਾਰੇ ‘ਚ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਦੂਜੇ ਵਨਡੇ ‘ਚ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਯਾਦਾਂ ਤਾਜ਼ਾ ਕੀਤੀਆਂ ਹਨ। ਅਸਲ ‘ਚ ਸੈਮਸਨ ਨੇ ਜ਼ਿੰਬਾਬਵੇ ਖਿਲਾਫ ਦੂਜੇ ਵਨਡੇ ‘ਚ ਧੋਨੀ ਦੇ ਅੰਦਾਜ਼ ‘ਚ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ ਹੈ। ਇਸ ਮੈਚ ‘ਚ ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ ਹੈ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਦੀ ਬੜ੍ਹਤ ਨਾਲ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ।
ਜ਼ਿੰਬਾਬਵੇ ਦੀ ਟੀਮ ਪਹਿਲਾਂ ਖੇਡਦਿਆਂ 161 ਦੌੜਾਂ ਹੀ ਬਣਾ ਸਕੀ ਸੀ। ਜਵਾਬ ‘ਚ ਭਾਰਤੀ ਟੀਮ ਨੇ 25.4 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਿਲ ਕਰ ਲਿਆ। ਭਾਰਤ ਲਈ ਬੱਲੇਬਾਜ਼ੀ ਕਰਦਿਆਂ ਸੰਜੂ ਸੈਮਸਨ ਨੇ ਨਾਬਾਦ 43 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਦੀਪਕ ਹੁੱਡਾ ਅਤੇ ਸ਼ਿਖਰ ਧਵਨ ਨੇ 33-33 ਦੌੜਾਂ ਦੀ ਪਾਰੀ ਖੇਡੀ। ਗੇਂਦਬਾਜ਼ੀ ਵਿੱਚ ਸ਼ਾਰਦੁਲ ਠਾਕੁਰ ਨੇ ਤਿੰਨ ਵਿਕਟਾਂ ਲਈਆਂ।