ਏਸ਼ੀਆ ਕੱਪ 2023 ‘ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਸੁਪਰ-4 ‘ਚ ਸ਼ਾਨਦਾਰ 41 ਦੌੜਾਂ ਨਾਲ ਜਿੱਤ ਦਰਜ ਕਰਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਟੀਮ ਇਸ ਮੈਚ ਵਿੱਚ 213 ਦੌੜਾਂ ਦੇ ਸਕੋਰ ਤੱਕ ਹੀ ਸੀਮਤ ਰਹੀ ਸੀ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਸ਼੍ਰੀਲੰਕਾ ਦੀ ਟੀਮ 41.3 ਓਵਰਾਂ ‘ਚ 172 ਦੌੜਾਂ ‘ਤੇ ਹੀ ਸਿਮਟ ਗਈ। ਭਾਰਤੀ ਟੀਮ ਵੱਲੋਂ ਗੇਂਦਬਾਜ਼ੀ ‘ਚ ਇੱਕ ਵਾਰ ਫਿਰ ਕੁਲਦੀਪ ਯਾਦਵ ਦਾ ਜਾਦੂ ਦੇਖਣ ਨੂੰ ਮਿਲਿਆ, ਕੁਲਦੀਪ ਨੇ 4 ਵਿਕਟਾਂ ਲਈਆਂ ਹਨ। ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ ਵੀ 2-2 ਵਿਕਟਾਂ ਲਈਆਂ ਹਨ। ਇਸ ਮੈਚ ‘ਚ ਹਾਰ ਦੇ ਨਾਲ ਹੀ ਸ਼੍ਰੀਲੰਕਾ ਦੀ ਵਨਡੇ ‘ਚ ਲਗਾਤਾਰ 13 ਮੈਚਾਂ ਦੀ ਜਿੱਤ ਦਾ ਸਿਲਸਿਲਾ ਵੀ ਟੁੱਟ ਗਿਆ ਹੈ।
