ਜਨਮਦਿਨ ‘ਤੇ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਰਵਿੰਦਰ ਜਡੇਜਾ ਦੇ ਜਾਦੂ ਦੀ ਬਦੌਲਤ ਵਿਸ਼ਵ ਕੱਪ ‘ਚ ਭਾਰਤ ਦੀ ਅਜੇਤੂ ਮੁਹਿੰਮ ਜਾਰੀ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ‘ਚ ਲਗਾਤਾਰ 8ਵੀਂ ਜਿੱਤ ਹਾਸਿਲ ਕੀਤੀ ਹੈ। ਭਾਰਤ ਨੇ ਅਫਰੀਕਾ ਨੂੰ ਜਿੱਤ ਲਈ 327 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਦੱਖਣੀ ਅਫ਼ਰੀਕਾ ਦੀ ਪਾਰੀ 27.3 ਓਵਰਾਂ ‘ਚ ਸਿਰਫ਼ 83 ਦੌੜਾਂ ‘ਤੇ ਹੀ ਸਿਮਟ ਗਈ। ਰਵਿੰਦਰ ਜਡੇਜਾ ਨੇ 9 ਓਵਰਾਂ ‘ਚ 33 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਨੇ ਵਨਡੇ ‘ਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਭਾਰਤ ਦੀਆਂ 326 ਦੌੜਾਂ ਦੇ ਜਵਾਬ ਵਿੱਚ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ 6 ਦੌੜਾਂ ਦੇ ਸਕੋਰ ‘ਤੇ ਲੱਗਾ। ਇਸ ਤੋਂ ਬਾਅਦ ਵਿਕਟਾਂ ਦੇ ਆਊਟ ਹੋਣ ਦਾ ਸਿਲਸਿਲਾ ਜਾਰੀ ਰਿਹਾ। ਦੱਖਣੀ ਅਫਰੀਕਾ ਦੇ 5 ਬੱਲੇਬਾਜ਼ 40 ਦੌੜਾਂ ਦੇ ਸਕੋਰ ਤੱਕ ਪੈਵੇਲੀਅਨ ਪਰਤ ਗਏ। ਮੁਹੰਮਦ ਸਿਰਾਜ ਨੇ ਭਾਰਤੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਮੁਹੰਮਦ ਸਿਰਾਜ ਨੇ ਕਵਿੰਟਨ ਡੀ ਕਾਕ ਨੂੰ ਆਊਟ ਕੀਤਾ।