ਭਾਰਤੀ ਟੀਮ ਨੇ ਐਤਵਾਰ (23 ਫਰਵਰੀ) ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਦਾ ਸਾਹਮਣਾ ਕੀਤਾ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਭਾਰਤ ਦੀ ਜਿੱਤ ਦੇ ਹੀਰੋ ਰਹੇ ਵਿਰਾਟ ਕੋਹਲੀ, ਜਿਨ੍ਹਾਂ ਨੇ ਨਾਬਾਦ ਸੈਂਕੜਾ ਲਗਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਪਹੁੰਚਣ ਦਾ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਜੇਕਰ ਨਿਊਜ਼ੀਲੈਂਡ 24 ਫਰਵਰੀ ਨੂੰ ਹੋਣ ਵਾਲੇ ਮੈਚ ‘ਚ ਬੰਗਲਾਦੇਸ਼ ਨੂੰ ਹਰਾ ਦਿੰਦਾ ਹੈ ਤਾਂ ਭਾਰਤੀ ਟੀਮ ਦੀ ਸੈਮੀਫਾਈਨਲ ‘ਚ ਜਗ੍ਹਾ ਪੱਕੀ ਹੋ ਜਾਵੇਗੀ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਚੰਗੀ ਰਹੀ। ਭਾਰਤ ਨੂੰ ਪਹਿਲਾ ਝਟਕਾ ਪੰਜਵੇਂ ਓਵਰ ‘ਚ ਹੀ ਲੱਗਾ, ਜਦੋਂ ਕਪਤਾਨ ਰੋਹਿਤ ਸ਼ਰਮਾ ਸ਼ਾਹੀਨ ਅਫਰੀਦੀ ਦੀ ਸ਼ਾਨਦਾਰ ਗੇਂਦ ‘ਤੇ ਬੋਲਡ ਹੋ ਗਏ। ਰੋਹਿਤ ਨੇ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ, ਜਿਸ ਵਿੱਚ 3 ਚੌਕੇ ਅਤੇ ਇੱਕ ਛੱਕਾ ਸ਼ਾਮਿਲ ਸੀ। ਰੋਹਿਤ ਦੇ ਆਊਟ ਹੋਣ ਦੇ ਸਮੇਂ ਭਾਰਤ ਦਾ ਸਕੋਰ 31 ਦੌੜਾਂ ਸੀ। ਇੱਥੋਂ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਨੇ ਮਿਲ ਕੇ ਪਾਰੀ ਦੀ ਕਮਾਨ ਸੰਭਾਲੀ। ਕੋਹਲੀ ਅਤੇ ਸ਼ੁਭਮਨ ਵਿਚਾਲੇ ਦੂਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਹੋਈ। ਲੈੱਗ ਸਪਿਨਰ ਅਬਰਾਰ ਅਹਿਮਦ ਨੇ ਸ਼ੁਭਮਨ ਗਿੱਲ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ। ਗਿੱਲ ਨੇ 52 ਗੇਂਦਾਂ ਵਿੱਚ 46 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਸ਼ਾਮਲ ਸਨ।
ਗਿੱਲ ਦੇ ਆਊਟ ਹੋਣ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਵਿਰਾਟ ਕੋਹਲੀ ਦੇ ਨਾਲ ਚਾਰਜ ਸੰਭਾਲ ਲਿਆ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 114 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਇਸ ਦੌਰਾਨ ਕੋਹਲੀ ਨੇ ਚਾਰ ਚੌਕਿਆਂ ਦੀ ਮਦਦ ਨਾਲ 62 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ। ਸ਼੍ਰੇਅਸ ਅਈਅਰ ਨੇ ਵੀ 63 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਸ਼੍ਰੇਅਸ 56 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੇਅਸ ਨੇ 67 ਗੇਂਦਾਂ ਦੀ ਆਪਣੀ ਪਾਰੀ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਲਗਾਇਆ। ਸ਼੍ਰੇਅਸ ਨੂੰ ਖੁਸ਼ਦਿਲ ਸ਼ਾਹ ਨੇ ਇਮਾਮ ਉਲ ਹੱਕ ਦੇ ਹੱਥੋਂ ਕੈਚ ਆਊਟ ਕਰਵਾਇਆ। ਸ਼੍ਰੇਅਸ ਤੋਂ ਬਾਅਦ ਹਾਰਦਿਕ ਪੰਡਯਾ (8) ਸਸਤੇ ‘ਚ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਅਤੇ ਅਕਸ਼ਰ ਪਟੇਲ ਨੇ ਮਿਲ ਕੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ।