ਕ੍ਰਿਕਟ ਦੇ ਮੈਦਾਨ ‘ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਦੋਵੇਂ ਟੀਮਾਂ ਏਸ਼ੀਆ ਕੱਪ ਅਤੇ ਫਿਰ ਵਿਸ਼ਵ ਕੱਪ ‘ਚ ਭਿੜਨਗੀਆਂ। ਹਾਲਾਂਕਿ ਇਨ੍ਹਾਂ ਮੈਚਾਂ ‘ਚ ਅਜੇ ਕੁੱਝ ਸਮਾਂ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਭਾਰਤ ਦੀ ਪਾਕਿਸਤਾਨ ‘ਤੇ ਜਿੱਤ ਦੀ ਖੁਸ਼ਖਬਰੀ ਹਾਕੀ ਦੇ ਮੈਦਾਨ ਤੋਂ ਆਈ ਹੈ। ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਖਿਲਾਫ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ 2023 ਦੇ ਮੈਚ ‘ਚ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਨੇ ਇਕਤਰਫਾ ਅੰਦਾਜ਼ ‘ਚ 4-0 ਨਾਲ ਜਿੱਤ ਹਾਸਿਲ ਕੀਤੀ।
ਇਸ ਦੇ ਨਾਲ ਹੀ ਭਾਰਤੀ ਟੀਮ ਨੇ ਗਰੁੱਪ ‘ਚ ਸਿਖਰ ‘ਤੇ ਰਹਿੰਦੇ ਹੋਏ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਹੱਥੋਂ ਕਰਾਰੀ ਹਾਰ ਝੱਲਣ ਤੋਂ ਬਾਅਦ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਜਾਪਾਨ ਚੌਥੇ ਸਥਾਨ ‘ਤੇ ਰਹਿ ਕੇ ਆਖਰੀ 4 ‘ਚ ਪਹੁੰਚ ਗਿਆ ਹੈ। ਹੁਣ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਜਦਕਿ ਦੂਜਾ ਸੈਮੀਫਾਈਨਲ ਮਲੇਸ਼ੀਆ ਅਤੇ ਦੱਖਣੀ ਕੋਰੀਆ ਵਿਚਾਲੇ ਖੇਡਿਆ ਜਾਵੇਗਾ। ਏਸ਼ਿਆਈ ਚੈਂਪੀਅਨਸ਼ਿਪ ਦੇ ਲੀਗ ਪੜਾਅ ਦੇ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਮੁਕਾਬਲਾ ਬਹੁਤ ਹਾਈ ਵੋਲਟੇਜ ਸੀ।