ਆਸਟ੍ਰੇਲੀਆ ਖਿਲਾਫ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਪਹਿਲੇ ਦੋ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ। ਟੀਮ ਦੀ ਕਮਾਨ ਕੇਐਲ ਰਾਹੁਲ ਦੇ ਹੱਥਾਂ ਵਿੱਚ ਹੋਵੇਗੀ। ਆਰ ਅਸ਼ਵਿਨ ਦੀ ਟੀਮ ‘ਚ ਵਾਪਸੀ ਹੋਈ ਹੈ। ਹਾਲਾਂਕਿ ਤੀਜੇ ਵਨਡੇ ਲਈ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਟੀਮ ਵਿੱਚ ਵਾਪਸੀ ਕਰਨਗੇ।
ਵਿਸ਼ਵ ਕੱਪ ਵਰਗੇ ਵੱਡੇ ਆਯੋਜਨ ਦੇ ਮੱਦੇਨਜ਼ਰ ਬੀਸੀਸੀਆਈ ਨੇ ਪਹਿਲੇ ਦੋ ਵਨਡੇ ਮੈਚਾਂ ਤੋਂ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਵਿਸ਼ਵ ਕੱਪ ਲਈ ਟੀਮ ਇੰਡੀਆ ‘ਚ ਬਦਲਾਅ ਹੋ ਸਕਦਾ ਹੈ। ਅਕਸ਼ਰ ਪਟੇਲ ਦੀ ਸੱਟ ਕਾਰਨ ਚੋਣਕਾਰਾਂ ਨੂੰ ਉਸ ਦੇ ਬਦਲ ‘ਤੇ ਵਿਚਾਰ ਕਰਨਾ ਪੈ ਰਿਹਾ ਹੈ। ਆਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ। ਇਸ ਲਈ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਤਿੰਨੋਂ ਵਨਡੇ ਮੈਚਾਂ ਲਈ ਟੀਮ ਵਿੱਚ ਰੱਖਿਆ ਗਿਆ ਹੈ। ਸੰਭਵ ਹੈ ਕਿ ਅਸ਼ਵਿਨ ਅਤੇ ਸੁੰਦਰ ਵਿੱਚੋਂ ਕਿਸੇ ਇੱਕ ਨੂੰ ਵਿਸ਼ਵ ਕੱਪ ਦੀ ਟਿਕਟ ਮਿਲ ਜਾਵੇ।
ਇਸ ਤੋਂ ਇਲਾਵਾ ਚੋਣਕਾਰਾਂ ਨੇ ਰੂਤੂਰਾਜ ਗਾਇਕਵਾੜ ਨੂੰ ਪਹਿਲੇ ਦੋ ਵਨਡੇ ਲਈ ਟੀਮ ‘ਚ ਜਗ੍ਹਾ ਦਿੱਤੀ ਹੈ। ਤਿਲਕ ਵਰਮਾ ਅਤੇ ਪ੍ਰਸਿੱਧ ਕ੍ਰਿਸ਼ਨਾ ਵੀ ਪਹਿਲੇ ਦੋ ਵਨਡੇ ਲਈ ਟੀਮ ਦਾ ਹਿੱਸਾ ਹਨ। ਪਰ ਇਹ ਤਿੰਨੇ ਖਿਡਾਰੀ ਤੀਜੇ ਵਨਡੇ ਵਿੱਚ ਟੀਮ ਦੇ ਨਾਲ ਨਹੀਂ ਹੋਣਗੇ। ਹਾਲਾਂਕਿ ਸੰਜੂ ਸੈਮਸਨ ਨੂੰ ਕਿਸੇ ਵੀ ਮੈਚ ਲਈ ਨਹੀਂ ਚੁਣਿਆ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਸੰਜੂ ਸੈਮਸਨ ਲਈ ਟੀਮ ਇੰਡੀਆ ਦੇ ਦਰਵਾਜ਼ੇ ਬੰਦ ਹਨ।
ਭਾਰਤ ਨੇ ਆਸਟ੍ਰੇਲੀਆ ਖਿਲਾਫ ਤਿੰਨ ਵਨਡੇ ਖੇਡਣੇ ਹਨ। ਪਹਿਲਾ ਵਨਡੇ 22 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ ਦੂਜਾ ਵਨਡੇ 24 ਸਤੰਬਰ ਨੂੰ ਹੋਵੇਗਾ। ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਮੈਚ 27 ਸਤੰਬਰ ਨੂੰ ਖੇਡਿਆ ਜਾਣਾ ਹੈ।