ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੈਸਟ ‘ਚ ਉਸ ਦੀ ਹੀ ਧਰਤੀ ‘ਤੇ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਦੂਜਾ ਟੈਸਟ ਦੋ ਦਿਨ ਪਹਿਲਾਂ ਖਤਮ ਹੋ ਗਿਆ। 03 ਜਨਵਰੀ ਨੂੰ ਸ਼ੁਰੂ ਹੋਇਆ ਇਹ ਟੈਸਟ 04 ਜਨਵਰੀ ਯਾਨੀ ਦੂਜੇ ਦਿਨ ਹੀ ਦੂਜੇ ਸੈਸ਼ਨ ਵਿੱਚ ਸਮਾਪਤ ਹੋ ਗਿਆ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੂੰ ਮੈਚ ਜਿੱਤਣ ਲਈ 79 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਭਾਰਤ ਨੇ 12 ਓਵਰਾਂ ‘ਚ 3 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਭਾਰਤ ਲਈ ਸਿਰਾਜ ਨੇ ਪਹਿਲੀ ਪਾਰੀ ‘ਚ 6 ਵਿਕਟਾਂ ਅਤੇ ਬੁਮਰਾਹ ਨੇ ਦੂਜੀ ਪਾਰੀ ‘ਚ 6 ਵਿਕਟਾਂ ਲਈਆਂ।
ਪੂਰੇ ਮੈਚ ‘ਚ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਤਬਾਹੀ ਮਚਾਈ ਅਤੇ ਫਿਰ ਦੂਜੀ ਪਾਰੀ ਵਿੱਚ ਅਫਰੀਕੀ ਤੇਜ਼ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਆਰਾਮ ਨਹੀਂ ਕਰਨ ਦਿੱਤਾ। ਮੇਜ਼ਬਾਨ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਲਈ ਪੂਰੀ ਤਰ੍ਹਾਂ ਸਹੀ ਸਾਬਤ ਹੋਇਆ। ਪਹਿਲੀ ਪਾਰੀ ‘ਚ ਸਿਰਾਜ ਨੇ 6 ਵਿਕਟਾਂ ਲੈ ਕੇ ਅਫਰੀਕਾ ਨੂੰ 55 ਦੌੜਾਂ ‘ਤੇ ਆਲ ਆਊਟ ਕਰਨ ‘ਚ ਅਹਿਮ ਯੋਗਦਾਨ ਪਾਇਆ। ਸਿਰਾਜ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਮੁਕੇਸ਼ ਨੇ 2-2 ਵਿਕਟਾਂ ਲਈਆਂ।