ਟੀ-20 ਵਿਸ਼ਵ ਕੱਪ 2022 ਦਾ ਆਖਰੀ ਅਭਿਆਸ ਮੈਚ ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬ੍ਰਿਸਬੇਨ ਦੇ ਗਾਬਾ ‘ਚ ਹੋਣਾ ਸੀ ਪਰ ਬੁੱਧਵਾਰ ਸਵੇਰ ਤੋਂ ਬ੍ਰਿਸਬੇਨ ‘ਚ ਰੁਕ-ਰੁਕ ਕੇ ਮੀਂਹ ਪੈਣ ਕਾਰਨ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਂਹ ਕਾਰਨ ਮੈਚ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਇਸ ਤੋਂ ਪਹਿਲਾਂ, ਪਾਕਿਸਤਾਨ ਬਨਾਮ ਅਫਗਾਨਿਸਤਾਨ ਅਭਿਆਸ ਮੈਚ ਵੀ ਗਾਬਾ ਵਿਖੇ ਪੂਰਾ ਨਹੀਂ ਹੋ ਸਕਿਆ ਅਤੇ ਰੱਦ ਕਰਨਾ ਪਿਆ ਸੀ। ਇਸ ਦੇ ਨਾਲ ਹੀ ਹੁਣ ਭਾਰਤ ਬਨਾਮ ਨਿਊਜ਼ੀਲੈਂਡ ਮੈਚ ਵੀ ਰੱਦ ਕਰ ਦਿੱਤਾ ਗਿਆ ਹੈ। ਆਈਸੀਸੀ ਨੇ ਪੁਸ਼ਟੀ ਕੀਤੀ ਹੈ ਕਿ ਮੈਚ ਰੱਦ ਕਰ ਦਿੱਤਾ ਗਿਆ ਹੈ। ਭਾਰਤ ਨੇ ਆਪਣੇ ਪਹਿਲੇ ਅਭਿਆਸ ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾਇਆ ਸੀ।
ਇਸ ਤੋਂ ਪਹਿਲਾਂ, ਬੀਸੀਸੀਆਈ ਨੇ 5-5 ਓਵਰਾਂ ਦੇ ਮੈਚ ਲਈ ਕੱਟ-ਆਫ ਸਮਾਂ ਜਾਰੀ ਕੀਤਾ ਸੀ, ਜੋ ਕਿ ਸਥਾਨਕ ਸਮੇਂ ਅਨੁਸਾਰ 8:46 ਵਜੇ ਸੀ, ਪਰ ਭਾਰਤੀ ਸਮੇਂ ਅਨੁਸਾਰ ਸ਼ਾਮ 4:16 ਵਜੇ ਸੀ। ਬੁੱਧਵਾਰ ਨੂੰ ਬ੍ਰਿਸਬੇਨ ਵਿੱਚ ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਣਾ ਸੀ ਅਤੇ ਟਾਸ ਦੁਪਹਿਰ 1 ਵਜੇ ਹੋਣਾ ਸੀ ਪਰ ਮੀਂਹ ਕਾਰਨ ਅਜਿਹਾ ਨਹੀਂ ਹੋ ਸਕਿਆ। ਆਸਟਰੇਲੀਆ ਦੇ ਸਮੇਂ ਮੁਤਾਬਿਕ ਇਹ ਮੈਚ ਸ਼ਾਮ 6 ਵਜੇ ਸ਼ੁਰੂ ਹੋਣਾ ਸੀ ਪਰ ਮੀਂਹ ਨੇ ਰੁਕਣ ਦਾ ਨਾਮ ਨਹੀਂ ਲਿਆ। ਭਾਰਤੀ ਟੀਮ ਹੁਣ ਸੁਪਰ-12 ‘ਚ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਮੈਲਬੋਰਨ ‘ਚ ਪਾਕਿਸਤਾਨ ਖਿਲਾਫ ਖੇਡੇਗੀ, ਜਦਕਿ ਨਿਊਜ਼ੀਲੈਂਡ ਦੀ ਟੀਮ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ 22 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀ।