ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਕਾਨਪੁਰ ਟੈਸਟ ਦੇ ਚੌਥੇ ਦਿਨ ਕਮਾਲ ਕਰ ਦਿੱਤਾ ਹੈ। ਜਦੋਂ ਤੀਜੇ ਦਿਨ ਦਾ ਖੇਡ ਖਤਮ ਹੋਇਆ ਤਾਂ ਟੀਮ ਇੰਡੀਆ ‘ਤੇ ਕਾਫੀ ਦਬਾਅ ਸੀ ਕਿਉਂਕਿ ਸ਼ੁਭਮਨ ਗਿੱਲ ਦੀ ਵਿਕਟ ਡਿੱਗ ਗਈ ਸੀ ਅਤੇ ਚੌਥੇ ਦਿਨ ਭਾਰਤੀ ਟੀਮ ਦੇ ਸਾਹਮਣੇ ਵੱਡਾ ਸਕੋਰ ਬਣਾਉਣ ਦਾ ਟੀਚਾ ਸੀ। ਪਰ ਚੌਥੇ ਦਿਨ ਦਾ ਪਹਿਲਾ ਸੈਸ਼ਨ ਪੂਰੀ ਤਰ੍ਹਾਂ ਨਿਊਜ਼ੀਲੈਂਡ ਦੇ ਹੱਕ ‘ਚ ਗਿਆ ਅਤੇ ਟੀਮ ਇੰਡੀਆ ਦੀਆਂ ਪੰਜ ਵਿਕਟਾਂ 51 ਦੌੜਾਂ ‘ਤੇ ਡਿੱਗ ਗਈਆਂ। ਪਰ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਅੰਤ ਵਿੱਚ ਜਿੱਤ ਤੋਂ ਸਿਰਫ਼ 9 ਵਿਕਟਾਂ ਦੂਰ ਹੈ।
ਜਦੋਂ ਦਿਨ ਦਾ ਖੇਡ ਸ਼ੁਰੂ ਹੋਇਆ ਤਾਂ ਭਾਰਤ, ਚੇਤੇਸ਼ਵਰ ਪੁਜਾਰਾ ਅਤੇ ਮਯੰਕ ਅਗਰਵਾਲ ਦੇ ਨਾਲ ਵੱਡਾ ਟੀਚਾ ਸੋਚ ਕੇ ਮੈਦਾਨ ‘ਤੇ ਉੱਤਰਿਆ। ਪਰ ਨਿਊਜ਼ੀਲੈਂਡ ਦੇ ਦਿਲ ‘ਚ ਕੁੱਝ ਹੋਰ ਹੀ ਸੀ, ਚੌਥੇ ਦਿਨ ਦੇ ਪਹਿਲੇ ਸੈਸ਼ਨ ‘ਚ ਨਿਊਜ਼ੀਲੈਂਡ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸਥਿਤੀ ਇਹ ਸੀ ਕਿ ਅੱਧੀ ਟੀਮ ਸਿਰਫ਼ 51 ਦੌੜਾਂ ਦੇ ਸਕੋਰ ‘ਤੇ ਹੀ ਪੈਵੇਲੀਅਨ ਪਰਤ ਗਈ ਸੀ। ਹਾਲਾਂਕਿ ਬਾਅਦ ਵਿੱਚ ਸ਼੍ਰੇਅਸ ਅਈਅਰ, ਰਵੀਚੰਦਰਨ ਅਸ਼ਵਿਨ ਅਤੇ ਰਿਧੀਮਾਨ ਸਾਹਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਸ਼੍ਰੇਅਸ ਅਈਅਰ ਨੇ ਦੂਜੀ ਪਾਰੀ ‘ਚ ਵੀ ਅਰਧ ਸੈਂਕੜਾ ਜੜਿਆ, ਉਹ ਪਹਿਲੀ ਪਾਰੀ ‘ਚ ਵੀ ਸੈਂਕੜਾ ਲਗਾ ਚੁੱਕਾ ਸੀ। ਸ਼੍ਰੇਅਸ ਅਈਅਰ ਹੁਣ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਭਾਰਤ ਨੇ ਨਿਊਜ਼ੀਲੈਂਡ ਨੂੰ 284 ਦੌੜਾਂ ਦਾ ਕੁੱਲ ਟੀਚਾ ਦਿੱਤਾ ਸੀ, ਅਜਿਹੇ ‘ਚ ਜਦੋਂ ਕੁੱਝ ਓਵਰ ਬਾਕੀ ਸਨ ਤਾਂ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਲਈ ਆਉਣਾ ਪਿਆ। ਰਵੀਚੰਦਰਨ ਅਸ਼ਵਿਨ ਨੇ ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਦਿੱਤਾ ਅਤੇ ਵਿਲ ਯੰਗ ਨੂੰ ਆਊਟ ਕੀਤਾ। ਹਾਲਾਂਕਿ ਵਿਲ ਯੰਗ ਰੀਪਲੇਅ ‘ਚ ਨਾਟ ਆਊਟ ਨਜ਼ਰ ਆਏ ਪਰ ਉਹ ਸਮੇਂ ‘ਤੇ ਰੀਵਿਊ ਨਹੀਂ ਲੈ ਸਕੇ। ਹੁਣ ਕਾਨਪੁਰ ਟੈਸਟ ਦੇ ਆਖਰੀ ਦਿਨ ਟੀਮ ਇੰਡੀਆ ਨੂੰ ਜਿੱਤ ਲਈ 9 ਵਿਕਟਾਂ ਦੀ ਲੋੜ ਹੈ। ਆਖਰੀ ਦਿਨ ਭਾਰਤ ਨੂੰ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ‘ਤੇ ਹੈ।